ਫੈਕਟ ਸਮਾਚਾਰ ਸੇਵਾ
ਸਿਓਲ, ਅਕਤੂਬਰ 30
ਸਿਓਲ ਹੈਲੋਵੀਨ ਤਿਉਹਾਰ ਦੌਰਾਨ ਬੀਤੇ ਕੱਲ੍ਹ ਮਚੀ ਭਗਦੜ ਦੌਰਾਨ ਈਰਾਨ, ਉਜ਼ਬੇਕਿਸਤਾਨ, ਚੀਨ ਅਤੇ ਨਾਰਵੇ ਦੇ 19 ਵਿਦੇਸ਼ੀਆਂ ਸਮੇਤ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 151 ਹੋ ਗਈ ਹੈ।
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ‘ਹੈਲੋਵੀਨ’ ਦੌਰਾਨ ਭੀੜ ਵਲੋਂ ਤੰਗ ਗਲੀ ਵਿਚ ਵੜਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਮਚੀ ਭਗਦੜ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 151 ਹੋ ਗਈ ਹੈ ਜਦਕਿ 82 ਹੋਰਾਂ ਦਾ ਇਲਾਜ ਜਾਰੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾ ਕਾਰਨ ਪੂਰੀ ਦੁਨੀਆ ਵਿਚ ਸੋਗ ਦੀ ਲਹਿਰ ਹੈ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਰਿਸ਼ੀ ਸੁਨਕ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਕਈ ਗਲੋਬਲ ਨੇਤਾਵਾਂ ਨੇ ਇਸ ਘਟਨਾ ‘ਤੇ ਸੋਗ ਜਤਾਇਆ ਹੈ।
ਐਮਰਜੈਂਸੀ ਕਰਮਚਾਰੀਆਂ ਅਤੇ ਰਾਹਗੀਰਾਂ ਨੇ ਰਾਜਧਾਨੀ ਦੇ ਇਟਾਵੋਨ ਜ਼ਿਲੇ ਵਿਚ ਭਗਦੜ ਤੋਂ ਬਾਅਦ ਸੜਕਾਂ ‘ਤੇ ਪਏ ਲੋਕਾਂ ਨੂੰ ਸਾਹ ਲੈਣ ਦੀ ਕੋਸ਼ਿਸ਼ ਕੀਤੀ। ਸਿਓਲ ਦੇ ਯੋਂਗਸਾਨ ਫਾਇਰ ਡਿਪਾਰਟਮੈਂਟ ਦੇ ਮੁਖੀ ਚੋਈ ਸੇਓਂਗ-ਬੀਓਮ ਦੇ ਅਨੁਸਾਰ ਮਰਨ ਵਾਲੇ ਅਤੇ ਜ਼ਖਮੀਆਂ ਵਿੱਚ ਜ਼ਿਆਦਾਤਰ 20 ਸਾਲ ਦੇ ਬਾਲਗ ਅਤੇ ਨੌਜਵਾਨ ਸਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ 19 ਵਿਦੇਸ਼ੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਨਾਗਰਿਕਤਾ ਤੁਰੰਤ ਨਹੀਂ ਦੱਸੀ ਗਈ। ਜ਼ਖਮੀਆਂ ‘ਚੋਂ 19 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਆਊਟਡੋਰ ‘ਹੇਲੋਵੀਨ’ ਜਸ਼ਨ ਲਈ ਇਟੇਵਨ ਵਿਖੇ ਲਗਭਗ 100,000 ਲੋਕ ਇਕੱਠੇ ਹੋਏ।