ਫੈਕਟ ਸਮਾਚਾਰ ਸੇਵਾ
ਰਿਆਦ, ਨਵੰਬਰ 17
ਹੈਦਰਾਬਾਦ ਤੋਂ ਉਮਰਾਹ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਅੱਜ ਸਾਊਦੀ ਅਰਬ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ 42 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਵਿਚ 20 ਔਰਤਾਂ ਅਤੇ 11 ਬੱਚੇ ਸ਼ਾਮਿਲ ਸਨ।
ਜਾਣਕਾਰੀ ਅਨੁਸਾਰ ਬੱਸ ਇਕ ਡੀਜ਼ਲ ਟੈਂਕਰ ਨਾਲ ਟਕਰਾ ਗਈ, ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ। ਮਿਲੀਆਂ ਰਿਪੋਰਟਾਂ ਅਨੁਸਾਰ ਮ੍ਰਿਤਕਾਂ ਵਿਚੋਂ ਜ਼ਿਆਦਾਤਰ ਭਾਰਤੀ ਹਨ, ਜਿਨ੍ਹਾਂ ਵਿਚ ਬਹੁਤੇ ਯਾਤਰੀ ਹੈਦਰਾਬਾਦ ਦੇ ਸਨ। ਤੇਲੰਗਾਨਾ ਸਰਕਾਰ ਨੇ ਇਸ ਘਟਨਾ ‘ਤੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਉਹ ਰਿਆਧ ਵਿਚ ਭਾਰਤੀ ਦੂਤਾਵਾਸ ਨਾਲ ਲਗਾਤਾਰ ਸੰਪਰਕ ਵਿਚ ਹੈ।
ਰਾਜ ਸਰਕਾਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਰੇਵੰਤ ਰੈਡੀ ਨੇ ਦਿੱਲੀ ਦੇ ਅਧਿਕਾਰੀਆਂ ਨੂੰ ਪੀੜਤਾਂ ਦੀ ਪਛਾਣ ਕਰਨ ਅਤੇ ਹੋਰ ਰਸਮੀ ਕਾਰਵਾਈਆਂ ਵਿਚ ਸਹਾਇਤਾ ਲਈ ਦੂਤਾਵਾਸ ਨਾਲ ਨੇੜਿਓਂ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ ਜੇਦਾਹ ਵਿਚ ਭਾਰਤੀ ਦੂਤਾਵਾਸ ਨੇ ਇਕ ਹੈਲਪਲਾਈਨ ਸ਼ੁਰੂ ਕੀਤੀ ਹੈ। ਦੂਤਾਵਾਸ ਨੇ ਕਿਹਾ ਕਿ ਸਾਊਦੀ ਅਰਬ ਦੇ ਮਦੀਨਾ ਨੇੜੇ ਭਾਰਤੀ ਉਮਰਾਹ ਸ਼ਰਧਾਲੂਆਂ ਨਾਲ ਹੋਏ ਦੁਖਦਾਈ ਬੱਸ ਹਾਦਸੇ ਦੇ ਮੱਦੇਨਜ਼ਰ, ਜੇਦਾਹ ਵਿਚ ਭਾਰਤੀ ਕੌਂਸਲੇਟ ਜਨਰਲ ਵਿਚ ਇਕ 24×7 ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।







