View in English:
October 24, 2024 7:00 pm

ਸਥਾਨਕ ਸਰਕਾਰਾਂ ਮੰਤਰੀ ਵੱਲੋਂ ‘ਸਵੱਛਤਾ ਦੀ ਲਹਿਰ’ ਮੁਹਿੰਮ ਦੀ ਸ਼ੁਰੂਆਤ

ਫੈਕਟ ਸਮਾਚਾਰ ਸੇਵਾ

ਜਲੰਧਰ, ਅਕਤੂਬਰ 24

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਖੁਦ ਸਫਾਈ ਕਰਕੇ ਜਲੰਧਰ ਤੋਂ ‘ਸਵੱਛਤਾ ਦੀ ਲਹਿਰ’ ਮੁਹਿੰਮ ਦੀ ਸ਼ੁਰੂਆਤ ਕੀਤੀ। 24 ਅਕਤੂਬਰ ਤੋਂ 7 ਨਵੰਬਰ ਤੱਕ ਚੱਲਣ ਵਾਲੀ ਇਸ 15 ਰੋਜ਼ਾ ਸਫ਼ਾਈ ਮੁਹਿੰਮ ਦਾ ਉਦੇਸ਼ ਸਮੂਹਿਕ ਜ਼ਿੰਮੇਵਾਰੀ ਵਜੋਂ ਸਵੱਛਤਾ ਦੀ ਮਹੱਤਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।

ਇਸ ਪਹਿਲਕਦਮੀ ਦੀ ਸ਼ੁਰੂਆਤ ਕਰਦਿਆਂ ਡਾ. ਰਵਜੋਤ ਨੇ ਕਿਹਾ ਕਿ ਸ਼ਹਿਰ ਅਤੇ ਇਲਾਕਿਆਂ ਨੂੰ ਸਾਫ਼-ਸੁਥਰਾ ਰੱਖਣ ਲਈ ਸਾਰੇ ਨਾਗਰਿਕਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰਾਂ ਵਿੱਚ ਸਾਫ਼-ਸਫ਼ਾਈ ਰੱਖਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਲਈ ਵੀ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਆਪਣੇ ਆਸ-ਪੜੋਸ ਦੀ ਸਾਫ਼-ਸਫਾਈ ਅਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੰਜਾਬ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਰਾਜ ਭਰ ਵਿੱਚ ਨਗਰ ਨਿਗਮਾਂ/ਕੌਂਸਲਾਂ ਦੇ ਸਟਾਫ਼ ਵੱਲੋਂ ਆਪਣੇ ਰੁਟੀਨ ਕੰਮ ਦੇ ਬਾਵਜੂਦ ਰੋਜ਼ਾਨਾ ਇੱਕ ਵਾਧੂ ਘੰਟਾ ਸਫਾਈ ਦੇ ਕੰਮਾਂ ਲਈ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਪੀਣ ਵਾਲੇ ਸਾਫ਼ ਪਾਣੀ, ਬਿਹਤਰ ਸੜਕੀ ਬੁਨਿਆਦੀ ਢਾਂਚਾ ਅਤੇ ਵਧੀਆ ਸੀਵਰੇਜ ਸਿਸਟਮ ਵਰਗੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ।

ਮੰਤਰੀ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਮੁਹਿੰਮ ਨੂੰ ਲੋਕ ਲਹਿਰ ਵਿੱਚ ਬਦਲਣ ਦੀ ਅਪੀਲ ਵੀ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸ ਮੁਹਿੰਮ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਵਿਅਕਤੀਗਤ ਤੌਰ ‘ਤੇ ਇਸ ਦੀ ਨਿਗਰਾਨੀ ਕਰਨਗੇ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਆਪ’ ਪੰਜਾਬ ਵਿੱਚ ਹੋਣ ਵਾਲੀਆਂ ਚਾਰੇ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਜਿੱਤ ਹਾਸਲ ਕਰੇਗੀ।

ਇਸ ਮੌਕੇ ਡਾ. ਰਵਜੋਤ ਨੇ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਸ਼ਹਿਰ ਦੀ ਸਾਫ-ਸਫਾਈ ਲਈ ਹੋਰ ਤਗੜੇ ਹੋ ਕੇ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ।
ਇਸ ਦੌਰਾਨ ਇੱਕ ਐਨ.ਜੀ.ਓ. ਜਗਦੰਬੇ ਹੈਂਡੀਕ੍ਰਾਫ਼ਟਸ ਵੂਮੈਨ ਵੈੱਲਫੇਅਰ ਸੁਸਾਇਟੀ ਵੱਲੋਂ ਵੇਸਟ ਮਟੀਰੀਅਲ ਤੋਂ ਬਣੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ। ਮੰਤਰੀ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਐਨ.ਜੀ.ਓ. ਦੀਆਂ ਔਰਤਾਂ ਵੱਲੋਂ ਰਹਿੰਦ-ਖੂੰਹਦ ਨੂੰ ਵਰਤੋਂ ਯੋਗ ਵਸਤੂਆਂ ਵਿੱਚ ਤਬਦੀਲ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਵਿਧਾਇਕ ਰਮਨ ਅਰੋੜਾ, ਵਿਸ਼ੇਸ਼ ਸਕੱਤਰ ਤੇ ਡਾਇਰੈਕਟਰ ਸਥਾਨਕ ਸਰਕਾਰਾਂ ਗੁਰਪ੍ਰੀਤ ਸਿੰਘ ਖਹਿਰਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਅਤੇ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English