ਫੈਕਟ ਸਮਾਚਾਰ ਸੇਵਾ
ਕਰਾਕਸ , ਦਸੰਬਰ 31
ਸੋਸ਼ਲ ਮੀਡੀਆ ਐਪ TikTok ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਇਸ ਐਪ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਅਮਰੀਕਾ ‘ਚ ਵੀ ਇਸ ਨੂੰ ਬੈਨ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹੁਣ ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਨੇ ਵੀ TikTok ਖਿਲਾਫ ਸਖਤ ਕਾਰਵਾਈ ਕੀਤੀ ਹੈ। ਦਰਅਸਲ ਵੈਨੇਜ਼ੁਏਲਾ ਦੀ ਸੁਪਰੀਮ ਕੋਰਟ ਨੇ TikTok ‘ਤੇ 1 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ TikTok ‘ਤੇ ਚੱਲ ਰਹੀ ਔਨਲਾਈਨ ਚੈਲੇਂਜ ਵਿੱਚ ਤਿੰਨ ਕਿਸ਼ੋਰਾਂ ਦੀ ਮੌਤ ਤੋਂ ਬਾਅਦ ਲਗਾਇਆ ਗਿਆ ਹੈ।
ਵੈਨੇਜ਼ੁਏਲਾ ਦੇ ਸੁਪਰੀਮ ਟ੍ਰਿਬਿਊਨਲ ਦੀ ਜੱਜ ਤਾਨੀਆ ਡੀ’ਅਮੇਲਿਓ ਨੇ ਕਿਹਾ ਕਿ ਮਸ਼ਹੂਰ ਵੀਡੀਓ ਸ਼ੇਅਰਿੰਗ ਐਪ TikTok ਨੇ ਖਤਰਨਾਕ ਸਮੱਗਰੀ ਨੂੰ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਹਨ ਅਤੇ ਇਸ ਵਿੱਚ ਲਾਪਰਵਾਹੀ ਵਰਤੀ ਹੈ। ਦਰਅਸਲ ਹਾਲ ਹੀ ਦੇ ਦਿਨਾਂ ਵਿੱਚ ਵੈਨੇਜ਼ੁਏਲਾ ਵਿੱਚ ਤਿੰਨ ਕਿਸ਼ੋਰਾਂ ਦੀ TikTok ‘ਤੇ ਚੱਲ ਰਹੀ ਇੱਕ ਔਨਲਾਈਨ ਚੈਲੇਂਜ ਨੂੰ ਪੂਰਾ ਕਰਦੇ ਹੋਏ ਰਸਾਇਣਕ ਨਸ਼ੇ ਕਾਰਨ ਮੌਤ ਹੋ ਗਈ ਹੈ। TikTok ਚੀਨੀ ਕੰਪਨੀ ByteDance ਦੀ ਮਲਕੀਅਤ ਹੈ। ਵੈਨੇਜ਼ੁਏਲਾ ਦੀ ਇੱਕ ਅਦਾਲਤ ਨੇ ਬਾਈਟਡਾਂਸ ਨੂੰ ਵੈਨੇਜ਼ੁਏਲਾ ਵਿੱਚ ਦਫ਼ਤਰ ਖੋਲ੍ਹਣ ਅਤੇ ਜੁਰਮਾਨਾ ਅਦਾ ਕਰਨ ਲਈ ਅੱਠ ਦਿਨਾਂ ਦਾ ਸਮਾਂ ਦਿੱਤਾ ਹੈ।
ਅਦਾਲਤ ਨੇ ਕਿਹਾ ਕਿ ਜੁਰਮਾਨੇ ਦੀ ਰਕਮ ਤੋਂ ਇੱਕ ਫੰਡ ਬਣਾਇਆ ਜਾਵੇਗਾ, ਜੋ TikTok ਦੇ ਉਪਭੋਗਤਾਵਾਂ ਨੂੰ ਹੋਏ ਮਨੋਵਿਗਿਆਨਕ, ਭਾਵਨਾਤਮਕ ਅਤੇ ਸਰੀਰਕ ਨੁਕਸਾਨ ਦੀ ਭਰਪਾਈ ਕਰੇਗਾ। ਬਾਈਟਡੈਂਸ ਨੇ ਅਦਾਲਤ ਨੂੰ ਦੱਸਿਆ ਕਿ ਉਹ ‘ਮਾਮਲੇ ਦੀ ਗੰਭੀਰਤਾ ਨੂੰ ਸਮਝਦਾ ਹੈ।’ ਵੈਨੇਜ਼ੁਏਲਾ ਦੇ ਅਧਿਕਾਰੀਆਂ ਅਨੁਸਾਰ ਸੋਸ਼ਲ ਮੀਡੀਆ ਚੁਣੌਤੀ ਤੋਂ ਬਾਅਦ ਰਸਾਇਣਕ ਪਦਾਰਥਾਂ ਦਾ ਸੇਵਨ ਕਰਨ ਤੋਂ ਬਾਅਦ ਦੇਸ਼ ਭਰ ਦੇ ਸਕੂਲਾਂ ਵਿੱਚ ਤਿੰਨ ਕਿਸ਼ੋਰਾਂ ਦੀ ਮੌਤ ਹੋ ਗਈ ਅਤੇ 200 ਨਸ਼ੇ ਵਿੱਚ ਪਾਏ ਗਏ।