ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਅਗਸਤ 7
ਪੰਜਾਬ ਦੇ ਦੋ ਮਸ਼ਹੂਰ ਪੰਜਾਬੀ ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਮੁਸੀਬਤ ਵਿੱਚ ਫਸ ਘਿਰ ਗਏ ਹਨ। ਇਹ ਹਨੀ ਸਿੰਘ ਦੇ ਗੀਤ “ਮਿਲੇਨੀਅਮ” ਬਾਰੇ ਹੈ, ਜਿਸ ‘ਤੇ ਔਰਤਾਂ ਵਿਰੁੱਧ ਅਸ਼ਲੀਲ ਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੰਜਾਬ ਮਹਿਲਾ ਕਮਿਸ਼ਨ ਨੇ ਖੁਦ ਨੋਟਿਸ ਲਿਆ ਹੈ ਤੇ ਹਨੀ ਸਿੰਘ ਵਿਰੁੱਧ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਗਾਇਕ ਕਰਨ ਔਜਲਾ ਦੇ ਗੀਤ ‘ਐਮਐਫ ਗਬਰੂ’ ‘ਤੇ ਵੀ ਵਿਵਾਦ ਹੋ ਰਿਹੈ। ਯੋ ਯੋ ਹਨੀ ਸਿੰਘ ਅਤੇ ਕਰਨ ਔਜਲਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਦੋਵਾਂ ਕਲਾਕਾਰਾਂ ਦੇ ਗੀਤਾਂ ‘ਤੇ ਕੁਝ ਦੋਸ਼ ਲਗਾਏ ਗਏ ਹਨ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਕਰਨ ਔਜਲਾ ਦੇ ਗੀਤ ‘ਐਮਐਫ ਗਬਰੂ’ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਹੁਣ ਇਹ ਗੀਤ ਉਸ ਲਈ ਵੱਡੀ ਸਮੱਸਿਆ ਪੈਦਾ ਕਰ ਸਕਦਾ ਹੈ।
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਇਸ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਗੀਤ ਦੀ ਭਾਸ਼ਾ ਅਤੇ ਸਮੱਗਰੀ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਗੀਤ ਵਿੱਚ ਵਰਤੀ ਗਈ ਭਾਸ਼ਾ ਅਤੇ ਦ੍ਰਿਸ਼ ਔਰਤਾਂ ਦੇ ਮਾਣ ਨੂੰ ਠੇਸ ਪਹੁੰਚਾਉਂਦੇ ਹਨ, ਜਿਸ ਨਾਲ ਸਮਾਜ ਵਿੱਚ ਗਲਤ ਸੰਦੇਸ਼ ਫੈਲਦਾ ਹੈ। ਕਮਿਸ਼ਨ ਦਾ ਮੰਨਣਾ ਹੈ ਕਿ ਜਨਤਕ ਮੰਚਾਂ ‘ਤੇ ਅਜਿਹੀ ਭਾਸ਼ਾ ਅਤੇ ਵਿਚਾਰਧਾਰਾ ਦੇ ਫੈਲਣ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ, ਖਾਸ ਕਰਕੇ ਨੌਜਵਾਨਾਂ ‘ਤੇ।
ਇਸ ਮਾਮਲੇ ਵਿੱਚ ਕਮਿਸ਼ਨ ਨੇ ਡੀਜੀਪੀ ਨੂੰ ਪੂਰੇ ਮਾਮਲੇ ਦੀ ਜਾਂਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਹਨੀ ਸਿੰਘ ਸਮੇਤ ਸਬੰਧਤ ਅਧਿਕਾਰੀ ਨੂੰ ਇਸ ਜਾਂਚ ਦੀ ਰਿਪੋਰਟ ਦੇ ਨਾਲ 11 ਅਗਸਤ ਨੂੰ ਸਵੇਰੇ 11:30 ਵਜੇ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦਾ ਆਦੇਸ਼ ਵੀ ਜਾਰੀ ਕੀਤਾ ਗਿਆ ਹੈ।