ਵਿਦਿਅਕ ਦਸਤਾਵੇਜ਼ਾਂ ਦੀ ਡਿਜੀਟਲ ਵੈਰੀਫਿਕੇਸ਼ਨ ਲਈ “ਈ-ਸਨਦ” ਦੀ ਸ਼ੁਰੂਆਤ ਕਰਨ ਵਾਲਾ ਦੂਜਾ ਸੂਬਾ ਬਣਿਆ ਪੰਜਾਬ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਜਨਵਰੀ 12

ਸੂਬੇ ਦੇ ਵਿਦਿਆਰਥੀਆਂ ਲਈ ਲਾਈਨਾਂ ਵਿੱਚ ਖੜ੍ਹਨ, ਕਾਗਜ਼ੀ ਕਾਰਵਾਈ ਅਤੇ ਹਫ਼ਤਿਆਂ ਦੀ ਲੰਬੀ ਉਡੀਕ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਵਿਦਿਅਕ ਦਸਤਾਵੇਜ਼ਾਂ ਦੀ ਆਨਲਾਈਨ ਤਸਦੀਕ ਅਤੇ ਪ੍ਰਮਾਣਿਕਤਾ ਲਈ ਡਿਜੀਟਲ ਪਲੇਟਫਾਰਮ “ਈ-ਸਨਦ” ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਇਹ ਡਿਜੀਟਲ ਸੇਵਾ ਸ਼ੁਰੂ ਕਰਨ ਵਾਲਾ ਭਾਰਤ ਦਾ ਦੂਜਾ ਸੂਬਾ ਬਣ ਗਿਆ ਹੈ ।

ਅੱਜ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ “ਈ-ਸਨਦ” ਸੇਵਾ ਦੀ ਸ਼ੁਰੂਆਤ ਨਾਲ ਬੋਰਡ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀ ਵਿਸਥਾਰਤ ਅੰਕ-ਸੂਚੀ (ਡੀ.ਐਮ.ਸੀ) ਅਤੇ ਸਰਟੀਫਿਕੇਟਾਂ ਦੀ ਆਨਲਾਈਨ ਤਸਦੀਕ ਹੁਣ ਕੁੱਝ ਹੀ ਦਿਨਾਂ ਵਿੱਚ ਕਰਵਾ ਸਕਦੇ ਹਨ, ਜਿਸ ਲਈ ਪਹਿਲਾਂ 40-45 ਦਿਨ ਲੱਗਦੇ ਸਨ। ਸਰਕਾਰ ਮੁਤਾਬਕ ਇਸ ਕਦਮ ਨਾਲ ਪੰਜਾਬ ਸਕੂਲ ਬੋਰਡ ਤੋਂ ਹਰ ਸਾਲ ਪਾਸ ਹੋਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਬੋਰਡ ਵੱਲੋਂ ਜਾਰੀ ਕੀਤੇ ਜਾਣ ਵਾਲੇ ਸਰਟੀਫਿਕੇਟਾਂ ਦੀ ਭਰੋਸੇਯੋਗਤਾ ਵਧੇਗੀ ਅਤੇ ਉਚੇਰੀ ਸਿੱਖਿਆ, ਰੋਜ਼ਗਾਰ ਅਤੇ ਵਿਦੇਸ਼ ਵਾਸਤੇ ਤੇਜ਼ੀ ਨਾਲ ਤਸਦੀਕ ਯਕੀਨੀ ਬਣੇਗੀ।

ਇਹ ਡਿਜੀਟਸ ਸੇਵਾ ਦੀ ਸ਼ੁਰੂਆਤ ਕਰਨ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਸਹੂਲਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਲਈ ਉਪਲਬਧ ਹੈ ਜਿਨ੍ਹਾਂ ਨੂੰ ਸਿੱਖਿਆ ਬੋਰਡ ਵੱਲੋਂ ਜਾਰੀ ਮਾਰਕ-ਸ਼ੀਟਾਂ ਅਤੇ ਸਰਟੀਫਿਕੇਟਾਂ ਦੀ ਉਚੇਰੀ ਸਿੱਖਿਆ, ਰੋਜ਼ਗਾਰ, ਪੇਸ਼ੇਵਰ ਲੋੜਾਂ ਅਤੇ ਵਿਦੇਸ਼ਾਂ ਵਿੱਚ ਤਸਦੀਕ ਕਰਵਾਉਣ ਦੀ ਲੋੜ ਹੋਵੇ।

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ “ਈ-ਸਨਦ” ਨੂੰ ਲਾਗੂ ਕਰਨ ਵਾਲਾ ਭਾਰਤ ਦਾ ਦੂਜਾ ਸੂਬਾ ਬਣ ਗਿਆ ਹੈ, ਜੋ ਕਿ ਬੋਰਡ ਦੀ ਡਿਜੀਟਲ ਗਵਰਨੈਂਸ ਅਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਇਸਦੇ ਵਿਦਿਅਕ ਸਰਟੀਫਿਕੇਟਾਂ ਦੀ ਵਿਸ਼ਵਵਿਆਪੀ ਭਰੋਸੇਯੋਗਤਾ ਨੂੰ ਵਧਾਉਂਦਾ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਬੋਰਡ ਨਾਲ ਸਬੰਧਤ ਸਕੂਲਾਂ ਤੋਂ ਸਾਲਾਨਾ ਪਾਸ ਹੋਣ ਵਾਲੇ ਲਗਭਗ 3 ਲੱਖ ਵਿਦਿਆਰਥੀਆਂ ਅਤੇ ਪਿਛਲੇ ਸਾਲਾਂ ਦੇ ਪਾਸ-ਆਊਟ ਵਿਦਿਆਰਥੀ ਹੁਣ ਇਸ ਸੇਵਾ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਈ-ਸਨਦ ਤਹਿਤ, ਬੋਰਡ ਵੱਲੋਂ ਆਪਣੇ ਰਿਕਾਰਡਾਂ ਮੁਤਾਬਕ ਦਸਤਾਵੇਜ਼ਾਂ ਦੀ ਡਿਜੀਟਲ ਤੌਰ ‘ਤੇ ਤਸਦੀਕ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਵਿਦੇਸ਼ ਮੰਤਰਾਲੇ (ਐਮ.ਈ.ਏ.) ਰਾਹੀਂ ਪ੍ਰਮਾਣਿਤ ਕੀਤਾ ਜਾਂਦਾ ਹੈ। ਇਹ ਸੇਵਾ ਹੇਗ ਕਨਵੈਨਸ਼ਨ ਦੇਸ਼ਾਂ (ਅਪੋਸਟਿਲ) ਅਤੇ ਗੈਰ-ਹੇਗ ਦੇਸ਼ਾਂ (ਐਮ.ਈ.ਏ. ਦੇ ਨਾਲ ਨਾਲ ਦੂਤਾਵਾਸ ਤਸਦੀਕ, ਜੇਕਰ ਲੋੜ ਹੋਵੇ ਤਾਂ) ਨੂੰ ਕਵਰ ਕਰਦੀ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਸੇਵਾ ਦੀ ਸ਼ੁਰੂਆਤ ਨਾਲ ਹਰ ਸਾਲ ਹਜ਼ਾਰਾਂ ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਇਸ ਨਾਲ ਸੇਵਾ ਪ੍ਰਦਾਨ ਕਰਨ ਦੀ ਸਮਾਂ-ਸੀਮਾ ਨੂੰ 40-45 ਦਿਨਾਂ ਤੋਂ ਘਟਾ ਕੇ ਮਹਿਜ਼ ਕੁਝ ਦਿਨਾਂ ਤੱਕ ਕਰ ਦਿੱਤਾ ਗਿਆ ਹੈ, ਜਿਸ ਨਾਲ ਵਧੇਰੇ ਕੁਸ਼ਲਤਾ, ਪਾਰਦਰਸ਼ਤਾ ਅਤੇ ਨਿਰਵਿਘਨ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ ਹੈ।

ਸਰਟੀਫਿਕੇਟ ਵੈਰੀਫਿਕੇਸ਼ਨ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਬਿਨੈਕਾਰਾਂ ਦੀ ਸਹੂਲਤ ਲਈ, ਈ-ਸਨਦ ਪੋਰਟਲ ਦਾ ਲਿੰਕ, ਆਨਲਾਈਨ ਭੁਗਤਾਨ ਗੇਟਵੇਅ ਅਤੇ ਅਰਜ਼ੀ ਸਬੰਧੀ ਪੜਾਅ-ਦਰ-ਪੜਾਅ ਜਾਣਕਾਰੀ ਬੋਰਡ ਦੀ ਅਧਿਕਾਰਤ ਵੈੱਬਸਾਈਟ ਉਤੇ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਅਤੇ ਕਾਗਜ਼ ਰਹਿਤ ਹੈ। ਇਸ ਸੇਵਾ ਲਈ ਬੋਰਡ ਦੇ ਮੁੱਖ ਦਫ਼ਤਰ ਆਉਣ ਦੀ ਕੋਈ ਲੋੜ ਨਹੀਂ ਹੈ।

Leave a Reply

Your email address will not be published. Required fields are marked *

View in English