ਫੈਕਟ ਸਮਾਚਾਰ ਸੇਵਾ
ਮੁੰਬਈ , ਮਾਰਚ 20
ਵਿਆਹ ਤੋਂ 4 ਸਾਲ ਬਾਅਦ ਸਟਾਰ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਯੂਟਿਊਬਰ/ਡਾਂਸਰ ਧਨਸ਼੍ਰੀ ਵਰਮਾ ਵੱਖਰੇ ਹੋ ਗਏ ਹਨ। ਦੋਵਾਂ ਦਾ ਤਲਾਕ ਹੋ ਚੁੱਕਾ ਹੈ। ਬੰਬੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਬਾਂਦਰਾ ਫੈਮਿਲੀ ਕੋਰਟ ਨੇ ਇਸ ਮਾਮਲੇ ‘ਤੇ ਆਪਣਾ ਫੈਸਲਾ ਸੁਣਾਇਆ ਅਤੇ ਬਿਨਾਂ ਕਿਸੇ ਕੂਲਿੰਗ ਪੀਰੀਅਡ ਦੇ ਵਿਆਹ ਨੂੰ ਭੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ। ਦੋਵਾਂ ਦਾ ਵਿਆਹ ਦਸੰਬਰ 2020 ਵਿੱਚ ਹੋਇਆ ਸੀ। ਚਾਹਲ ਅਤੇ ਧਨਸ਼੍ਰੀ ਦੇ ਤਲਾਕ ‘ਤੇ ਚਾਹਲ ਦੀ ਨੁਮਾਇੰਦਗੀ ਕਰ ਰਹੇ ਵਕੀਲ ਨਿਤਿਨ ਕੁਮਾਰ ਗੁਪਤਾ ਨੇ ਕਿਹਾ ਕਿ ‘ਅਦਾਲਤ ਨੇ ਤਲਾਕ ਦੇ ਫ਼ਰਮਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ।’ ਅਦਾਲਤ ਨੇ ਦੋਵਾਂ ਧਿਰਾਂ ਦੀ ਸਾਂਝੀ ਪਟੀਸ਼ਨ ਸਵੀਕਾਰ ਕਰ ਲਈ ਹੈ। ਹੁਣ ਦੋਵੇਂ ਧਿਰਾਂ ਪਤੀ-ਪਤਨੀ ਨਹੀਂ ਰਹੀਆਂ।
ਦੋਵੇਂ ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਰਹਿ ਰਹੇ ਸਨ। ਦੋਵਾਂ ਨੇ ਇਸ ਸਾਲ ਆਪਸੀ ਸਹਿਮਤੀ ਨਾਲ ਤਲਾਕ ਲਈ ਅਰਜ਼ੀ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ 6 ਮਹੀਨਿਆਂ ਦੇ ਲਾਜ਼ਮੀ ਕੂਲਿੰਗ ਪੀਰੀਅਡ ਨੂੰ ਵੀ ਹਟਾਉਣ ਦੀ ਮੰਗ ਕੀਤੀ ਸੀ। ਹਾਲਾਂਕਿ ਉਨ੍ਹਾਂ ਦੀ ਪਟੀਸ਼ਨ ਪਰਿਵਾਰਕ ਅਦਾਲਤ ਨੇ ਰੱਦ ਕਰ ਦਿੱਤੀ ਸੀ। ਫਿਰ ਹਾਈ ਕੋਰਟ ਨੇ ਫੈਸਲਾ ਉਲਟਾ ਦਿੱਤਾ, ਜਿਸ ਨਾਲ ਤਲਾਕ ਦੀ ਪ੍ਰਕਿਰਿਆ ਜਲਦੀ ਪੂਰੀ ਹੋਣ ਦਾ ਰਾਹ ਪੱਧਰਾ ਹੋ ਗਿਆ। ਬੰਬੇ ਹਾਈ ਕੋਰਟ ਨੇ ਚਾਹਲ ਅਤੇ ਧਨਸ਼੍ਰੀ ਦੀ ਤਲਾਕ ਦੇ ਸਮੇਂ 6 ਮਹੀਨਿਆਂ ਦੇ ਕੂਲਿੰਗ ਪੀਰੀਅਡ ਤੋਂ ਛੋਟ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ। ਬੰਬੇ ਹਾਈ ਕੋਰਟ ਨੇ ਪਰਿਵਾਰਕ ਅਦਾਲਤ ਨੂੰ ਚਾਹਲ ਅਤੇ ਧਨਸ਼੍ਰੀ ਦੀ ਤਲਾਕ ਪਟੀਸ਼ਨ ‘ਤੇ 20 ਮਾਰਚ ਤੱਕ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ ਸੀ। ਜਸਟਿਸ ਮਾਧਵ ਜਾਮਦਾਰ ਦੇ ਸਿੰਗਲ ਬੈਂਚ ਨੇ ਕਿਹਾ ਸੀ ਕਿ ਚਾਹਲ 21 ਮਾਰਚ ਤੋਂ ਉਪਲਬਧ ਨਹੀਂ ਹੋਵੇਗਾ ਕਿਉਂਕਿ ਉਸਨੇ ਆਈਪੀਐਲ ਵਿੱਚ ਹਿੱਸਾ ਲੈਣਾ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਦੇ ਵੱਖ-ਵੱਖ ਰਹਿਣ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ ਸੀ। ਹਾਲਾਂਕਿ ਦੋਵਾਂ ਵਿਚਕਾਰ ਦਰਾਰ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਹਾਲ ਹੀ ਵਿੱਚ ਸਮਾਪਤ ਹੋਏ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਚਾਹਲ ਨੂੰ ਦੁਬਈ ਵਿੱਚ ਆਰਜੇ ਮਹਿਵਸ਼ ਨਾਲ ਮੈਚ ਦੇਖਦੇ ਦੇਖਿਆ ਗਿਆ ਸੀ। ਦੋਵੇਂ ਇਕੱਠੇ ਬੈਠੇ ਦੇਖੇ ਗਏ। ਧਨਸ਼੍ਰੀ ਨਾਲ ਤਲਾਕ ਦੀਆਂ ਅਟਕਲਾਂ ਦੇ ਵਿਚਾਲੇ ਜਦੋਂ ਉਨ੍ਹਾਂ ਨੂੰ ਇਕੱਠੇ ਦੇਖਿਆ ਗਿਆ ਤਾਂ ਚਰਚਾ ਦਾ ਮਾਹੌਲ ਗਰਮ ਹੋ ਗਿਆ। ਦੋਵਾਂ ਨੂੰ ਪਹਿਲਾਂ ਵੀ ਇੱਕ ਵਾਰ ਡਿਨਰ ‘ਤੇ ਇਕੱਠੇ ਦੇਖਿਆ ਜਾ ਚੁੱਕਾ ਹੈ।
ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਵੱਖ ਹੋਣ ਦੀਆਂ ਅਫਵਾਹਾਂ ਆ ਰਹੀਆਂ ਸਨ।
ਚਾਹਲ ਜੋ ਕੁਝ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਹੈ, ਨੇ ਧਨਸ਼੍ਰੀ ਨਾਲ ਆਪਣੀਆਂ ਤਸਵੀਰਾਂ ਹਟਾ ਦਿੱਤੀਆਂ ਸਨ। ਇਸ ਨਾਲ ਚਾਹਲ ਅਤੇ ਧਨਸ਼੍ਰੀ ਵਿਚਕਾਰ ਤਲਾਕ ਦੀ ਖ਼ਬਰ ਨੂੰ ਹੋਰ ਬਲ ਮਿਲਿਆ। ਤਲਾਕ ਦੀਆਂ ਅਟਕਲਾਂ ਦੇ ਵਿਚਾਲੇ ਚਾਹਲ ਅਤੇ ਧਨਸ਼੍ਰੀ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਪ੍ਰਸ਼ੰਸਕਾਂ ਨੂੰ ਕਈ ਵਾਰ ਸੰਕੇਤ ਦਿੱਤੇ ਸਨ ਅਤੇ ਆਪਣੀਆਂ ਭਾਵਨਾਵਾਂ ਸਪੱਸ਼ਟ ਕੀਤੀਆਂ ਸਨ। ਚਹਿਲ ਅਤੇ ਮਹਿਵਸ਼ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਧਨਸ਼੍ਰੀ ਨੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸਾਂਝੀ ਕੀਤੀ ਜਿਸ ਵਿੱਚ ਉਸਨੇ ਲਿਖਿਆ, ‘ਔਰਤਾਂ ਨੂੰ ਦੋਸ਼ੀ ਠਹਿਰਾਉਣ ਦਾ ਰੁਝਾਨ ਹਮੇਸ਼ਾ ਰਿਹਾ ਹੈ।’