ਫੈਕਟ ਸਮਾਚਾਰ ਸੇਵਾ
ਅਗਸਤ 27
ਜਦੋਂ ਵੀ ਵਾਲਾਂ ਦੀ ਦੇਖਭਾਲ ਦੀ ਗੱਲ ਹੁੰਦੀ ਹੈ ਤਾਂ ਉਨ੍ਹਾਂ ਵਿੱਚ ਸਭ ਤੋਂ ਪਹਿਲਾਂ ਤੇਲ ਲਗਾਉਣਾ ਸ਼ਾਮਲ ਹੁੰਦਾ ਹੈ। ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਖੋਪੜੀ ਵਿੱਚ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ ਅਤੇ ਵਾਲਾਂ ਦੇ ਵਿਕਾਸ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਇਹ ਵਾਲਾਂ ਦੇ ਝੜਨ ਅਤੇ ਹੋਰ ਕਈ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ। ਹਾਲਾਂਕਿ ਹਰ ਕਿਸੇ ਨੂੰ ਵਾਲਾਂ ਦੇ ਤੇਲ ਨਾਲ ਇਹ ਲਾਭ ਨਹੀਂ ਹੁੰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਹ ਆਪਣੇ ਵਾਲਾਂ ਵਿੱਚ ਤੇਲ ਲਗਾਉਂਦੇ ਸਮੇਂ ਕੁਝ ਛੋਟੀਆਂ ਗਲਤੀਆਂ ਕਰ ਲੈਂਦੇ ਹਨ। ਆਓ ਅੱਜ ਤੁਹਾਨੂੰ ਕੁਝ ਅਜਿਹੀਆਂ ਗਲਤੀਆਂ ਬਾਰੇ ਦੱਸਦੇ ਹਾਂ ਜੋ ਲੋਕ ਅਕਸਰ ਆਪਣੇ ਵਾਲਾਂ ਵਿਚ ਤੇਲ ਲਗਾਉਂਦੇ ਸਮੇਂ ਕਰਦੇ ਹਨ :
ਬਹੁਤ ਜ਼ਿਆਦਾ ਤੇਲ ਦੀ ਵਰਤੋਂ ਕਰਨਾ
ਕਈ ਵਾਰ ਲੋਕ ਸੋਚਦੇ ਹਨ ਕਿ ਜੇਕਰ ਉਹ ਤੇਲ ਦੀ ਜ਼ਿਆਦਾ ਵਰਤੋਂ ਕਰਨਗੇ ਤਾਂ ਘੱਟ ਸਮੇਂ ‘ਚ ਵਧੀਆ ਨਤੀਜੇ ਮਿਲਣਗੇ। ਜਦੋਂ ਕਿ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਬਹੁਤ ਜ਼ਿਆਦਾ ਤੇਲ ਲਗਾਉਣ ਨਾਲ ਤੁਹਾਡੇ ਵਾਲ ਚਿਪਕ ਜਾਂਦੇ ਹਨ ਅਤੇ ਫਿਰ ਧੋਣਾ ਮੁਸ਼ਕਲ ਹੋ ਸਕਦਾ ਹੈ। ਤੁਹਾਨੂੰ ਹਮੇਸ਼ਾ ਆਪਣੇ ਵਾਲਾਂ ਦੀ ਲੰਬਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਤੇਲ ਦੀ ਮਾਤਰਾ ਲੈਣੀ ਚਾਹੀਦੀ ਹੈ।
ਹਰ ਰੋਜ਼ ਤੇਲ ਲਗਾਉਣਾ
ਇਹ ਸੱਚ ਹੈ ਕਿ ਤੇਲ ਵਾਲਾਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਪਰ ਕਿਸੇ ਵੀ ਚੀਜ਼ ਦੀ ਵਧੀਕੀ ਨੁਕਸਾਨ ਦਾ ਕਾਰਨ ਬਣਦੀ ਹੈ। ਤੇਲ ਲਗਾਉਣ ਨਾਲ ਵੀ ਅਜਿਹਾ ਹੀ ਹੁੰਦਾ ਹੈ। ਜਦੋਂ ਤੁਸੀਂ ਹਰ ਰੋਜ਼ ਆਪਣੇ ਵਾਲਾਂ ‘ਤੇ ਤੇਲ ਲਗਾਉਣਾ ਸ਼ੁਰੂ ਕਰਦੇ ਹੋ, ਤਾਂ ਇਸ ਨਾਲ ਸਿਰ ਦੀ ਚਮੜੀ ‘ਤੇ ਤੇਲ ਇਕੱਠਾ ਹੋ ਸਕਦਾ ਹੈ, ਜਿਸ ਨਾਲ ਪੋਰਸ ਬੰਦ ਹੋ ਸਕਦੇ ਹਨ। ਜਿਸ ਕਾਰਨ ਤੁਹਾਨੂੰ ਡੈਂਡਰਫ ਜਾਂ ਸਕੈਲਪ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਹਫਤੇ ‘ਚ ਦੋ ਜਾਂ ਤਿੰਨ ਵਾਰ ਤੋਂ ਜ਼ਿਆਦਾ ਤੇਲ ਨਹੀਂ ਲਗਾਉਣਾ ਚਾਹੀਦਾ।
ਗੰਦੇ ਵਾਲਾਂ ‘ਤੇ ਤੇਲ ਲਗਾਉਣਾ
ਤੇਲ ਲਗਾਉਂਦੇ ਸਮੇਂ ਇਹ ਇੱਕ ਆਮ ਗਲਤੀ ਹੈ। ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਲੋਕ ਗੰਦੇ ਵਾਲਾਂ ‘ਤੇ ਹੀ ਤੇਲ ਲਗਾਉਂਦੇ ਹਨ। ਜਿਸ ਕਾਰਨ ਤੇਲ ਠੀਕ ਤਰ੍ਹਾਂ ਓਬਜਰਬ ਨਹੀਂ ਹੁੰਦਾ। ਇਸ ਲਈ ਹਮੇਸ਼ਾ ਵਾਲਾਂ ਨੂੰ ਸਾਫ਼ ਕਰਨ ਤੋਂ ਬਾਅਦ ਹੀ ਤੇਲ ਲਗਾਓ।