ਫੈਕਟ ਸਮਾਚਾਰ ਸੇਵਾ
ਪਟਨਾ , ਅਪ੍ਰੈਲ 3
ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦਾ ਦਿੱਲੀ ਏਮਜ਼ ‘ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਉਨਾਂ ਨੂੰ ਕ੍ਰਿਟੀਕਲ ਕੇਅਰ ਯੂਨਿਟ (ਸੀਸੀਯੂ) ਵਿੱਚ ਰੱਖਿਆ ਗਿਆ ਹੈ। ਲਾਲੂ ਪ੍ਰਸਾਦ ਦੇ ਹੱਥ ਅਤੇ ਮੋਢੇ ‘ਤੇ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ। ਇੱਥੇ ਤੇਜਸਵੀ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਕਈ ਦਿਨਾਂ ਤੋਂ ਮੋਢੇ ਅਤੇ ਹੱਥ ‘ਤੇ ਸੱਟਾਂ ਤੋਂ ਪੀੜਤ ਹਨ। ਡਾਕਟਰਾਂ ਦੀ ਟੀਮ ਲਗਾਤਾਰ ਨਿਗਰਾਨੀ ਕਰ ਰਹੀ ਸੀ। ਜਾਂਚ ਤੋਂ ਪਤਾ ਲੱਗਾ ਕਿ ਬਲੱਡ ਪ੍ਰੈਸ਼ਰ ਵੀ ਬਹੁਤ ਘੱਟ ਸੀ। ਬਲੱਡ ਪ੍ਰੈਸ਼ਰ ਅਚਾਨਕ 88/44 ਤੱਕ ਪਹੁੰਚ ਗਿਆ। ਹੁਣ ਉਨ੍ਹਾਂ ਦਾ ਦਿੱਲੀ ਏਮਜ਼ ਵਿੱਚ ਇਲਾਜ ਚੱਲ ਰਿਹਾ ਹੈ।
ਦਿੱਲੀ ਏਮਜ਼ ਦੇ ਕਾਰਡੀਓਲੋਜੀ ਵਿਭਾਗ ਦੇ ਡਾ. ਰਾਕੇਸ਼ ਯਾਦਵ ਨੇ ਕਿਹਾ ਕਿ ਆਰਜੇਡੀ ਪ੍ਰਧਾਨ ਨੂੰ ਏਮਜ਼ ਦੇ ਕਾਰਡੀਓ ਨਿਊਰੋ ਸੈਂਟਰ ਦੇ ਕਾਰਡੀਓ ਕ੍ਰਿਟੀਕਲ ਕੇਅਰ ਯੂਨਿਟ ਵਿੱਚ ਰੱਖਿਆ ਗਿਆ ਹੈ। ਅਸੀਂ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਾਂ। ਦੱਸ ਦੇਈਏ ਕਿ ਉਹ ਜਾਂਚ ਲਈ ਪਟਨਾ ਦੇ ਪਾਰਸ ਹਸਪਤਾਲ ਗਏ ਸੀ। ਉੱਥੇ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਵਿੱਚ ਰੱਖਿਆ ਗਿਆ। ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਲਾਲੂ ਪ੍ਰਸਾਦ ਰਾਬੜੀ ਦੇਵੀ ਨਾਲ ਦਿੱਲੀ ਲਈ ਰਵਾਨਾ ਹੋ ਗਏ। ਉਹ ਦੇਰ ਰਾਤ ਫਲਾਈਟ ਰਾਹੀਂ ਦਿੱਲੀ ਪਹੁੰਚੇ। ਇੱਥੋਂ ਉਨ੍ਹਾਂ ਨੂੰ ਸਿੱਧਾ ਦਿੱਲੀ ਏਮਜ਼ ਵਿੱਚ ਦਾਖਲ ਕਰਵਾਇਆ ਗਿਆ।