View in English:
December 23, 2024 8:01 pm

ਰਿਵਾਇਤੀ ਊਰਜਾ ‘ਤੇ ਨਿਰਭਰਤਾ ਘਟਾਉਣ ਲਈ 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਦਸੰਬਰ 23

ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਅੱਜ ਦੱਸਿਆ ਕਿ ਸੂਬੇ ਨੂੰ ਸੌਰ ਊਰਜਾ ਉਤਪਾਦਨ ਵਿੱਚ ਮੋਹਰੀ ਬਣਾਉਣ ਅਤੇ ਰਿਵਾਇਤੀ ਈਂਧਨ ‘ਤੇ ਨਿਰਭਰਤਾ ਘਟਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਕੁੱਲ 264 ਮੈਗਾਵਾਟ ਸਮਰੱਥਾ ਦੇ 66 ਸੂਰਜੀ ਊਰਜਾ ਪਲਾਂਟ ਸਥਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹਰ ਪਲਾਂਟ 4 ਮੈਗਾਵਾਟ ਸਮਰੱਥਾ ਵਾਲਾ ਹੋਵੇਗਾ।

ਉਨ੍ਹਾਂ ਅੱਜ ਇੱਥੇ ਮੈਸਰਜ਼ ਵੀ.ਪੀ. ਸੋਲਰ ਜੈਨਰੇਸ਼ਨਜ਼ ਪ੍ਰਾਈਵੇਟ ਲਿਮਟਿਡ ਨੂੰ ਸੋਲਰ ਪਾਵਰ ਪਲਾਂਟ ਸਥਾਪਤ ਕਰਨ ਲਈ ਲੈਟਰ ਆਫ਼ ਐਵਾਰਡ (ਐਲ.ਓ.ਏ.) ਸੌਂਪਿਆ। ਉਨ੍ਹਾਂ ਦੱਸਿਆ ਕਿ ਇਹ ਪਲਾਂਟ ਪੀ.ਐਸ.ਪੀ.ਸੀ.ਐਲ. ਦੇ 66-ਕੇ.ਵੀ. ਸਬ-ਸਟੇਸ਼ਨਾਂ ਨੇੜੇ ਲਗਾਏ ਜਾਣਗੇ।

ਦੱਸਣਯੋਗ ਹੈ ਕਿ ਇਸ ਕੰਪਨੀ ਨੂੰ ਪਾਰਦਰਸ਼ੀ ਢੰਗ ਨਾਲ ਬੋਲੀ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਹੈ। ਇਸ ਉਪਰੰਤ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ.) ਨੇ 2.38 ਰੁਪਏ ਪ੍ਰਤੀ ਕਿਲੋਵਾਟ ਘੰਟਾ ਦੀ ਦਰ ਨਾਲ ਪੀ.ਐਸ.ਪੀ.ਸੀ. ਐਲ. ਨੂੰ 25 ਸਾਲਾਂ ਦੇ ਪੀ.ਪੀ.ਏ ਤਹਿਤ ਸੌਰ ਊਰਜਾ ਮੁਹੱਈਆ ਕਰਵਾਉਣ ਲਈ ਸਹਿਮਤੀ ਦਿੱਤੀ ਗਈ ਹੈ। ਅਮਨ ਅਰੋੜਾ ਨੇ ਦੱਸਿਆ ਕਿ ਸੌਰ ਊਰਜਾ ਦਾ ਇਹ ਵੱਕਾਰੀ ਪ੍ਰਾਜੈਕਟ ਦਸੰਬਰ 2025 ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। ਇਸ ਪ੍ਰਾਜੈਕਟ ਦੇ ਚਾਲੂ ਹੋਣ ‘ਤੇ ਸਾਲਾਨਾ ਲਗਭਗ 400 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ। ਇਸ ਫੀਡਰ ਪੱਧਰੀ ਸੋਲਰਾਈਜ਼ੇਸ਼ਨ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਖੇਤੀਬਾੜੀ ਬਿਜਲੀ ਸਬਸਿਡੀ ਦੇ ਲਗਭਗ 176 ਕਰੋੜ ਰੁਪਏ ਦੀ ਸਾਲਾਨਾ ਬੱਚਤ ਹੋਣ ਦੀ ਸੰਭਾਵਨਾ ਹੈ। ਇਹ ਪ੍ਰਾਜੈਕਟ ਰਾਜ ਦੀ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਅਹਿਮ ਯੋਗਦਾਨ ਪਾਵੇਗਾ ਅਤੇ ਇਸ ਤੋਂ ਇਲਾਵਾ ਊਰਜਾ ਦੇ ਰਿਵਾਇਤੀ ਸਰੋਤਾਂ ‘ਤੇ ਨਿਰਭਰਤਾ ਘਟਾਉਣ ਦੇ ਨਾਲ-ਨਾਲ ਕਾਰਬਨ ਨਿਕਾਸੀ ਨੂੰ ਵੀ ਘੱਟ ਕਰੇਗਾ। ਇਨ੍ਹਾਂ ਸੋਲਰ ਪਾਵਰ ਪਲਾਂਟਾਂ ਤੋਂ ਪੈਦਾ ਹੋਈ ਊਰਜਾ ਨੂੰ ਸੂਬੇ ਵਿੱਚ ਡਿਸਟ੍ਰੀਬਿਊਟਿਡ ਐਨਰਜੀ ਕੰਪੋਨੈਂਟ ਆਫ਼ ਰੀਨਿਊਏਬਲ ਪਰਚੇਜ਼ ਔਬਲੀਗੇਸ਼ਨ (ਆਰ.ਪੀ.ਓ.) ਤਹਿਤ ਟੀਚਿਆਂ ਵਿੱਚ ਸ਼ਾਮਲ ਮੰਨਿਆ ਜਾਵੇਗਾ।

ਉਨ੍ਹਾਂ ਨੇ ਪੇਡਾ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਨੂੰ ਸੁਚਾਰੂ ਢੰਗ ਨਾਲ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਹਰ ਸੰਭਵ ਯਤਨ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਸੂਬੇ ਵਿੱਚ ਲਗਭਗ 1,056 ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰੇਗੀ, ਜਿਸ ਨਾਲ ਸੂਬੇ ਵਿੱਚ ਗ਼ੈਰ-ਰਵਾਇਤੀ ਊਰਜਾ ਦੇ ਖੇਤਰ ਵਿੱਚ ਹੁਨਰਮੰਦ ਅਤੇ ਅਰਧ-ਹੁਨਰਮੰਦ ਵਿਅਕਤੀਆਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਰਾਹ ਪੱਧਰਾ ਹੋਵੇਗਾ।

ਇਸ ਮੌਕੇ ਪੇਡਾ ਦੇ ਡਾਇਰੈਕਟਰ ਐਮ.ਪੀ. ਸਿੰਘ, ਜੁਆਇੰਟ ਡਾਇਰੈਕਟਰ ਰਾਜੇਸ਼ ਬਾਂਸਲ, ਮੈਸਰਜ਼ ਵੀ.ਪੀ. ਸੋਲਰ ਜਨਰੇਸ਼ਨਜ਼ ਪ੍ਰਾ. ਲਿਮ. ਦੇ ਡਾਇਰੈਕਟਰ ਪ੍ਰਮੋਧ ਚੌਧਰੀ, ਹਰਪਾਲ ਸਿੰਘ ਸੰਧੂ ਹਾਜ਼ਰ ਸਨ।

Leave a Reply

Your email address will not be published. Required fields are marked *

View in English