ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜਨਵਰੀ 13
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਯੁੱਧ ਨਸ਼ਿਆਂ ਵਿਰੁੱਧ 2.0 ਅਧੀਨ ਪਿੰਡਾਂ ਵਿੱਚ ਕਰਵਾਈਆਂ ਜਾ ਰਹੀਆਂ ਪਦਯਾਤਰਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਲੋਕਾਂ ਦੀ ਸਰਗਰਮ ਭਾਗੀਦਾਰੀ ਦੀ ਲੋੜ ‘ਤੇ ਜ਼ੋਰ ਦਿੰਦਿਆਂ ਡਾ. ਬਲਬੀਰ ਸਿੰਘ ਨੇ ਇਨ੍ਹਾਂ ਪਦਯਾਤਰਾਵਾਂ ਨੂੰ ਪ੍ਰਭਾਵਸ਼ਾਲੀ ਅਤੇ ਸਮਾਵੇਸ਼ੀ ਬਣਾਉਣ ‘ਤੇ ਜ਼ੋਰ ਦਿੱਤਾ ਜਿਸ ਤਹਿਤ ਲਾਗੂਕਰਨ ਅਧਾਰਤ ਪਹੁੰਚ ਤੋਂ ਹੱਟ ਕੇ ਇਸ ਨੂੰ ਵਿਆਪਕ ਪੱਧਰ ‘ਤੇ ਲੋਕ ਲਹਿਰ ਵਿੱਚ ਬਦਲਿਆ ਜਾਵੇਗਾ। ਨਸ਼ਾ ਪੀੜਤਾਂ ਦੀ ਰਿਕਵਰੀ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਲਈ ਸਸ਼ਕਤ ਬਣਾਉਣ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ, ਡਾ. ਬਲਬੀਰ ਸਿੰਘ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਈ.ਟੀ.ਆਈ., ਕ੍ਰਿਸ਼ੀ ਵਿਕਾਸ ਕੇਂਦਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਉਦਯੋਗਾਂ ਨਾਲ ਸਹਿਯੋਗ ਕਰਨ ਤਾਂ ਜੋ ਨਸ਼ੇ ਦੀ ਲਤ ਤੋਂ ਉਭਰ ਰਹੇ ਵਿਅਕਤੀਆਂ ਨੂੰ ਨੌਕਰੀ-ਅਧਾਰਤ ਹੁਨਰ ਸਿਖਲਾਈ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ, “ਨਸ਼ਾ ਪੀੜਤਾਂ ਲਈ ਸਫਲ ਮੁੜ ਵਸੇਬਾ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਲਈ ਹੁਨਰ ਵਿਕਾਸ ਅਤੇ ਰੋਜ਼ੀ-ਰੋਟੀ ਦੇ ਮੌਕੇ ਪ੍ਰਦਾਨ ਕਰਨਾ ਬੇਹੱਦ ਮਹੱਤਵਪੂਰਨ ਹੈ।”
ਡਾ. ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਪਦਯਾਤਰਾਵਾਂ ਲਈ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹੈ ਅਤੇ ਨਾ ਹੀ ਚੋਣ ਸਬੰਧੀ ਲਾਭ ਲੈਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, “ਇਹ ਪਹਿਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਬਾਰੇ ਹੈ। ਇਸ ਨੇਕ ਕੰਮ ਲਈ, ਸਾਨੂੰ ਸਾਰੇ ਸਿਆਸੀ ਅਤੇ ਹੋਰ ਪੱਖਪਾਤਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।”
ਸਮਾਜ ਵਿੱਚ ਕਲੰਕ ਮੰਨਣ ਦੀ ਪ੍ਰਵਿਰਤੀ ਨੂੰ ਘਟਾਉਣ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ, ਮੰਤਰੀ ਨੇ ਕਿਹਾ ਕਿ ਇਹ ਪਦਯਾਤਰਾਵਾਂ ਕਲੰਕ ਮੰਨਣ ਦੀ ਪ੍ਰਵਿਰਤੀ ਨੂੰ ਘਟਾਉਣ ਸਬੰਧੀ ਸਰਕਾਰ ਦੀ ਪਹਿਲਕਦਮੀ ਦਾ ਇੱਕ ਅਹਿਮ ਹਿੱਸਾ ਹਨ, ਕਿਉਂਕਿ ਇਹ ਸਮਾਜਿਕ ਕਲੰਕ ਨਸ਼ਾ ਪੀੜਤਾਂ ਨੂੰ ਮਦਦ ਅਤੇ ਮੁੜ ਵਸੇਬਾ ਪ੍ਰਾਪਤ ਕਰਨ ਦੇ ਰਾਹ ਵਿੱਚ ਰੋੜ੍ਹਾ ਬਣਦਾ ਹੈ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇਸ ਨੂੰ ਇੱਕ ਲੋਕ ਲਹਿਰ ਵਿੱਚ ਬਦਲਣ ਦਾ ਸੱਦਾ ਦਿੱਤਾ।
ਮੀਟਿੰਗ ਵਿੱਚ ਸੀਈਓ, ਸਟੇਟ ਹੈਲਥ ਏਜੰਸੀ ਕਮ ਨੋਡਲ ਅਫਸਰ, ਮਾਨਸਿਕ ਸਿਹਤ ਪ੍ਰੋਗਰਾਮ ਸੰਯਮ ਅਗਰਵਾਲ, ਡਾਇਰੈਕਟਰ ਈਐਸਆਈ ਡਾ. ਅਨਿਲ ਗੋਇਲ ਅਤੇ ਡਿਪਟੀ ਸੀਈਓ ਐਸਐਚਏ ਡਾ. ਜਤਿੰਦਰ ਕਾਂਸਲ ਅਤੇ ਡਾ. ਸੁਰਿੰਦਰ ਕੌਰ ਸਮੇਤ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।







