ਫੈਕਟ ਸਮਾਚਾਰ ਸੇਵਾ
ਮੋਹਾਲੀ , ਦਸੰਬਰ 22
ਸੋਹਾਣਾ ਵਿਚ ਬੀਤੇ ਕੱਲ੍ਹ ਡਿੱਗੀ ਇਮਾਰਤ ਦੇ ਮਲਬੇ ਵਿਚੋਂ ਅੱਜ ਇਕ ਹੋਰ ਲਾਸ਼ ਕੱਢੀ ਗਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਹੈ। ਦਮਨਦੀਪ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਦੂਜੇ ਮ੍ਰਿਤਕ ਦਾ ਨਾਮ ਅਭਿਸ਼ੇਕ ਹੈ। ਅੰਬਾਲਾ ਦਾ ਰਹਿਣ ਵਾਲਾ ਅਭਿਸ਼ੇਕ ਮੋਹਾਲੀ ਵਿਚ ਸਾਫ਼ਟਵੇਅਰ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਜਿੰਮ ਵਿਚ ਕਸਰਤ ਕਰਨ ਆਇਆ ਸੀ। ਇਸ ਤੋਂ ਪਹਿਲਾਂ ਐਨ ਡੀ ਆਰ ਐਫ ਵੱਲੋਂ ਬੀਤੀ ਰਾਤ ਇਕ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਜਿਸ ਦੀ ਪਹਿਚਾਣ ਹਿਮਾਚਲ ਪ੍ਰਦੇਸ਼ ਦੇ ਥੀਓਗ ਦੀ ਰਹਿਣ ਵਾਲੀ 20 ਸਾਲਾ ਦ੍ਰਿਸ਼ਟੀ ਵਰਮਾ ਦੇ ਰੂਪ ਵਿਚ ਹੋਈ ਸੀ, ਦ੍ਰਿਸ਼ਟੀ ਮਰਹੂਮ ਭਗਤ ਵਰਮਾ ਦੀ ਧੀ ਸੀ।
ਦੂਜੇ ਪਾਸੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਸ ਨੇ ਥਾਣਾ ਸੋਹਾਣਾ ਵਿਖੇ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ (ਵਾਸੀ ਚਾਓ ਮਾਜਰਾ) ਦੇ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 105 ਦੇ ਤਹਿਤ ਕੇਸ ਦਰਜ ਕੀਤਾ ਹੈ।
ਇਮਾਰਤ ਡਿੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਪੁਲਿਸ ਅਤੇ ਐਨ ਡੀ ਆਰ ਐਫ ਦੀ ਟੀਮ ਮਲਬੇ ਤੋਂ ਹੋਰ ਮਨੁੱਖੀ ਜਾਨਾਂ ਨੂੰ ਬਚਾਉਣ ਦੀ ਕੌਸ਼ਿਸ਼ ਕਰ ਰਹੀ ਹੈ ਅਤੇ ਸੰਭਾਵਿਤ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਮਲਬੇ ਦੀ ਸਫ਼ਾਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੂਰਾ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ ‘ਤੇ ਤਾਇਨਾਤ ਹਨ। ਸੀਐਮ ਮਾਨ ਨੇ ਕਿਹਾ ਕਿ ਇਸ ਉਸਾਰੀ ਅਧੀਨ ਇਮਾਰਤ ਦੇ ਡਿੱਗਣ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹਨ।