ਫੈਕਟ ਸਮਾਚਾਰ ਸੇਵਾ
ਮੋਗਾ , ਮਾਰਚ 9
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਅੰਤ੍ਰਿਗ ਕਮੇਟੀ ਵੱਲੋਂ ਲਿਆ ਫੈਸਲਾ ਸਰਾਸਰ ਕਾਹਲੀ ਵਿੱਚ ਲਿਆ ਗਿਆ ਫੈਸਲਾ ਹੈ ਅਤੇ ਇਹ ਗ਼ਲਤ ਹੈ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ, ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਇਸ ਫੈਸਲੇ ਲਈ ਘੱਟੋ ਘੱਟ ਪਹਿਲਾਂ ਕੋਈ ਬੁੱਧੀਜੀਵੀਆਂ ਦਾ ਪੈਨਲ ਬਣਾਇਆ ਜਾਂਦਾ।
ਅਚਾਨਕ ਜਥੇਦਾਰ ਸਾਹਿਬਾਨ ਨੂੰ ਅਹੁਦਿਆਂ ਤੋਂ ਹਟਾ ਦੇਣ ਨਾਲ ਸਾਰੀ ਕੌਮ ਦੀ ਹਤਕ ਮਹਿਸੂਸ ਹੋ ਰਹੀ ਹੈ। ਉਹਨਾਂ ਕਿਹਾ ਸਰਵਉੱਚ ਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵ ਪ੍ਰਮਾਣਿਤ ਬਣਾਉਣ ਲਈ ਸਿੱਖ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਇਆ ਗਿਆ ਸੀ। ਇਸ ਫੈਸਲੇ ਦੇ ਨਾਲ ਬੜੀ ਢਾਹ ਲੱਗੀ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਹਾਂ ਅਤੇ ਡੂੰਘੇ ਹਿਰਦੇ ਨਾਲ ਇਸ ਜਥੇਬੰਦੀ ਦੀ ਚੜਦੀ ਕਲਾ ਲਈ ਹਰ ਕੁਰਬਾਨੀ ਲਈ ਹਮੇਸ਼ਾ ਤਿਆਰ ਹਾਂ।