ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਅਕਤੂਬਰ 15
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਸਥਾਨ ਦੱਸਦਿਆਂ ਉਦਯੋਗਪਤੀਆਂ ਨੂੰ ਆਪਣੇ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।
ਇੱਥੇ ਉੱਘੇ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਖਣੀ ਭਾਰਤੀ ਸੂਬੇ ਕਰਨਾਟਕ ਦੀ ਰਾਜਧਾਨੀ ਵਿਖੇ ਉਦਯੋਗਿਕ ਖੇਤਰ ਦੇ ਦਿੱਗਜਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਬੰਗਲੁਰੂ ਨੂੰ ਭਾਰਤ ਦੇ ਸੂਚਨਾ ਤਕਨਾਲੋਜੀ ਹੱਬ ਅਤੇ ਭਾਰਤ ਦੀ ਸਿਲੀਕਾਨ ਵੈਲੀ ਵਜੋਂ ਜਾਣਿਆ ਜਾਂਦਾ ਹੈ। ਉੱਦਮੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਨੂੰ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਅਤੇ ਸ਼ਹੀਦਾਂ ਦੀ ਬਖਸ਼ਿਸ਼ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਇੱਕ ਅਮੀਰ ਅਤੇ ਵਿਲੱਖਣ ਸੱਭਿਆਚਾਰਕ ਵਿਰਾਸਤ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਹਾਦਰੀ, ਸਖ਼ਤ ਮਿਹਨਤ ਅਤੇ ਉੱਦਮੀ ਭਾਵਨਾ ਪੰਜਾਬ ਦੀ ਮਿੱਟੀ ਦੇ ਕਣ-ਕਣ ਵਿੱਚ ਸਮੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਲੰਬੇ ਸਮੇਂ ਤੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੀਐਮ ਮਾਨ ਨੇ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਪੰਜਾਬ ਨੂੰ ਅਕਸਰ ਭਾਰਤ ਦਾ ਅੰਨਦਾਤਾ ਅਤੇ ਭਾਰਤ ਦੀ ਖੜਗਭੁਜਾ ਕਿਹਾ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮਿਹਨਤੀ ਲੋਕ ਆਪਣੇ ਸਮਰਪਣ ਅਤੇ ਲਗਨ ਲਈ ਜਾਣੇ ਜਾਂਦੇ ਹਨ, ਜਿਸ ਕਾਰਨ ਸੂਬੇ ਵਿੱਚ ਉਦਯੋਗ ਅਤੇ ਉੱਦਮ ਲਗਾਤਾਰ ਪ੍ਰਫੁੱਲਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲਗਾਤਾਰ ਉਦਯੋਗਿਕ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਸੂਬੇ ਦੀਆਂ ਉਦਯੋਗ-ਪੱਖੀ ਨੀਤੀਆਂ, ਪਾਰਦਰਸ਼ੀ ਪ੍ਰਸ਼ਾਸਨ ਅਤੇ ਕਾਰੋਬਾਰ-ਪੱਖੀ ਮਾਹੌਲ ਸਦਕਾ ਵੱਡੀ ਗਿਣਤੀ ਵਿੱਚ ਨਿਵੇਸ਼ ਸੂਬੇ ਵੱਲ ਆਕਰਸ਼ਿਤ ਹੋ ਰਿਹਾ ਹੈ। ਸੀਐਮ ਮਾਨ ਨੇ ਕਿਹਾ ਕਿ ਇਹ ਬੇਹੱਦ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਦੇ ਸਦਭਾਵਨਾ ਅਤੇ ਸ਼ਾਂਤੀ ਵਾਲੇ ਮਾਹੌਲ ਨੇ ਉਦਯੋਗਿਕ ਨਿਵੇਸ਼ ਨੂੰ ਵੱਡਾ ਹੁਲਾਰਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਾਰਚ, 2022 ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ 1.23 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਸ ਨਾਲ ਲਗਭਗ 4.7 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਆਟੋ ਕੰਪੋਨੈਂਟ, ਹੈਂਡ ਟੂਲ, ਸਾਈਕਲ, ਆਈਟੀ ਅਤੇ ਸੈਰ-ਸਪਾਟਾ ਵਰਗੇ ਖੇਤਰ ਹੋਰਨਾਂ ਸੂਬਿਆਂ ਲਈ ਮਿਸਾਲ ਬਣ ਰਹੇ ਹਨ। ਸੀਐਮ ਮਾਨ ਨੇ ਅੱਗੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਨੈਸਲੇ, ਕਲਾਸ, ਫਰੂਡੇਨਬਰਗ, ਕਾਰਗਿਲ, ਵਰਬੀਓ, ਡੈਨੋਨ ਅਤੇ ਵਿਸ਼ਵ ਪੱਧਰ ਦੀਆਂ ਹੋਰਨਾਂ ਪ੍ਰਮੁੱਖ ਕੰਪਨੀਆਂ ਵੱਲੋਂ ਆਪਣੀਆਂ ਯੂਨਿਟਾਂ ਸਥਾਪਤ ਕੀਤੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਮਸ਼ੇਦਪੁਰ ਤੋਂ ਬਾਅਦ ਟਾਟਾ ਦਾ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਲੁਧਿਆਣਾ ਵਿਖੇ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ, ਜੋ ਕਿ ਵਿਸ਼ਵ ਪੱਧਰ ‘ਤੇ ਇੱਕ ਉਦਯੋਗਿਕ ਹੱਬ ਵਜੋਂ ਜਾਣਿਆ ਜਾਂਦਾ ਹੈ, ਸੂਬੇ ਦੀ ਆਰਥਿਕਤਾ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਨੂੰ ਸਹੀ ਅਰਥਾਂ ਵਿੱਚ ਪੰਜਾਬ ਦੀ ਵਪਾਰਕ ਰਾਜਧਾਨੀ ਮੰਨਿਆ ਜਾਂਦਾ ਹੈ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵੱਲੋਂ ਜਾਪਾਨ, ਅਮਰੀਕਾ, ਜਰਮਨੀ, ਯੂਕੇ, ਯੂਏਈ, ਸਵਿਟਜ਼ਰਲੈਂਡ, ਫਰਾਂਸ ਅਤੇ ਸਪੇਨ ਵਰਗੇ ਵਿਕਸਤ ਦੇਸ਼ਾਂ ਤੋਂ ਨਿਵੇਸ਼ ਆਕਰਸ਼ਿਤ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਸਿਰਫ਼ ਸ਼ੁਰੂਆਤ ਹੈ ਕਿਉਂਕਿ ਪੰਜਾਬ ਨਿਵੇਸ਼ ਲਈ ਨਾ ਸਿਰਫ਼ ਭਾਰਤ ਦੇ ਸਗੋਂ ਦੁਨੀਆ ਦੇ ਤਰਜੀਹੀ ਸਥਾਨ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਿਰਫ਼ ਸਾਢੇ ਤਿੰਨ ਸਾਲਾਂ ਦੇ ਅੰਦਰ ਉਦਯੋਗਪਤੀਆਂ ਨੂੰ ਦਿੱਤੀਆਂ ਬਹੁਤ ਸਾਰੀਆਂ ਗਾਰੰਟੀਆਂ ਨੂੰ ਪੂਰਾ ਕਰ ਦਿੱਤਾ ਹੈ। ਸੀਐਮ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਹੁਣ ਕਾਰੋਬਾਰ ਕਰਨ ਵਿੱਚ ਆਸਾਨੀ ਸਬੰਧੀ ਸਿਖਰਲੇ ਸਥਾਨ ‘ਤੇ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਫਾਸਟ ਟ੍ਰੈਕ ਪੰਜਾਬ ਪੋਰਟਲ ਭਾਰਤ ਦੀ ਅਤਿ-ਆਧੁਨਿਕ ਸਿੰਗਲ-ਵਿੰਡੋ ਸਿਸਟਮ ਹੈ, ਜਿਸ ਵਿੱਚ 150 ਤੋਂ ਵੱਧ ਵਪਾਰਕ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਨਾਲ ਆਫ਼ਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਤਹਿਤ, ਸੂਬਾ ਸਰਕਾਰ ਨੇ 125 ਕਰੋੜ ਰੁਪਏ ਤੱਕ ਦੇ ਨਿਵੇਸ਼ ਵਾਲੇ ਪ੍ਰੋਜੈਕਟਾਂ ਨੂੰ ਤਿੰਨ ਦਿਨਾਂ ਦੇ ਅੰਦਰ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ। ਮਾਨ ਨੇ ਅੱਗੇ ਦੱਸਿਆ ਕਿ ਪ੍ਰਵਾਨਗੀਆਂ ਦੇਣ ਲਈ 45 ਦਿਨਾਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ ਅਤੇ ਜੇਕਰ ਇਸ ਮਿਆਦ ਦਰਮਿਆਨ ਪ੍ਰਵਾਨਗੀਆਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਹਨ, ਤਾਂ ਉਨ੍ਹਾਂ ਨੂੰ ਆਪਣੇ ਆਪ ਹੀ ਪ੍ਰਵਾਨ ਮੰਨਿਆ ਜਾਂਦਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਨਿਵੇਸ਼ਕਾਂ ਨੂੰ ਵਟਸਐਪ, ਏ.ਆਈ. ਚੈਟਬੋਟਸ ਅਤੇ ਕਾਲ ਸੈਂਟਰਾਂ ਰਾਹੀਂ ਸਹਾਇਤਾ ਨਿਯਮਿਤ ਤੌਰ ‘ਤੇ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫਾਇਰ ਐਨ.ਓ.ਸੀ. ਨਵਿਆਉਣ ਲਈ ਸਮਾਂ ਮਿਆਦ ਵਧਾ ਦਿੱਤੀ ਗਈ ਹੈ ਅਤੇ ਲੀਜ਼ਹੋਲਡ ਤੋਂ ਫ੍ਰੀਹੋਲਡ ਵਿੱਚ ਤਬਦੀਲੀ ਸਬੰਧੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਇਆ ਗਿਆ ਹੈ। ਸੀਐਮ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਦ੍ਰਿੜ ਵਿਸ਼ਵਾਸ ਹੈ ਕਿ ਅਸਲ ਉਦਯੋਗਿਕ ਤਰੱਕੀ ਉਦੋਂ ਹੀ ਸੰਭਵ ਹੈ ਜਦੋਂ ਸਰਕਾਰ ਅਤੇ ਉਦਯੋਗ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਇਸੇ ਲਈ ਨਿਵੇਸ਼ਕਾਂ ਅਤੇ ਉੱਦਮੀਆਂ ਨੂੰ ਪੰਜਾਬ ਦੇ ਉਦਯੋਗਿਕ ਭਵਿੱਖ ਲਈ ਮੁੱਖ ਭਾਈਵਾਲ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 24 ਵੱਖ-ਵੱਖ ਉਦਯੋਗਿਕ ਖੇਤਰਾਂ ਲਈ ਕਮੇਟੀਆਂ ਸਥਾਪਤ ਕੀਤੀਆਂ ਹਨ, ਜਿਨ੍ਹਾਂ ਦਾ ਉਦੇਸ਼ ਹਰੇਕ ਲਈ ਟੀਚਾਗਤ ਰਣਨੀਤੀਆਂ ਅਤੇ ਰੋਡਮੈਪ ਤਿਆਰ ਕਰਨਾ ਹੈ। ਸੀਐਮ ਮਾਨ ਨੇ ਕਿਹਾ ਕਿ ਨਿਵੇਸ਼ ਪੰਜਾਬ ਦੇ ਸਮਰਪਿਤ ਅਧਿਕਾਰੀ ਸਨਅਤਕਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਹਮੇਸ਼ਾ ਉਪਲਬਧ ਹਨ।
ਮੁੱਖ ਮੰਤਰੀ ਨੇ ਨਿਵੇਸ਼ਕਾਂ ਨੂੰ ਅੱਗੇ ਦੱਸਿਆ ਕਿ ਛੇਵਾਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 13, 14 ਅਤੇ 15 ਮਾਰਚ 2026 ਨੂੰ ਮੋਹਾਲੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮਹੱਤਵਪੂਰਨ ਸਮਾਗਮ ਵਿੱਚ ਹਿੱਸਾ ਲੈਣ ਲਈ ਸਾਰੇ ਨਿਵੇਸ਼ਕਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸੰਮੇਲਨ ਉਦਯੋਗਪਤੀਆਂ, ਨੀਤੀ ਘਾੜਿਆਂ ਅਤੇ ਖੋਜਕਰਤਾਵਾਂ ਨੂੰ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਆਪਣੇ ਦ੍ਰਿਸ਼ਟੀਕੋਣ ਪੇਸ਼ ਕਰਨ ਲਈ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰੇਗਾ। ਸੀਐਮ ਮਾਨ ਨੇ ਸਾਰੇ ਉਦਯੋਗਪਤੀਆਂ ਨੂੰ ਉਦਯੋਗ-ਪੱਖੀ ਨੀਤੀਆਂ ਘੜਨ ਵਿੱਚ ਸਰਗਰਮੀ ਨਾਲ ਆਪਣਾ ਯੋਗਦਾਨ ਪਾਉਣ ਅਤੇ ਆਪਣੇ ਕੀਮਤੀ ਸੁਝਾਅ ਸਾਂਝੇ ਕਰਨ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਆਰਥਿਕ ਅਤੇ ਉਦਯੋਗਿਕ ਵਿਕਾਸ ਲਈ ਅਥਾਹ ਸੰਭਾਵਨਾਵਾਂ ਹਨ ਪਰ ਪੰਜਾਬ ਦੇ ਵਿਕਾਸ ਲਈ ਉਦਯੋਗਪਤੀਆਂ ਦਾ ਸਮਰਥਨ ਅਤਿ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭਾਈਵਾਲੀ ਨਾਲ, ਸੂਬਾ ਸਰਕਾਰ ਪੰਜਾਬ ਨੂੰ ਖੁਸ਼ਹਾਲੀ ਅਤੇ ਤਰੱਕੀ ਦੀਆਂ ਨਵੀਆਂ ਲੀਹਾਂ ‘ਤੇ ਲੈ ਜਾਵੇਗੀ। ਸੀਐਮ ਮਾਨ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਕੱਠੇ ਮਿਲ ਕੇ, ਉਹ ਜਲਦ ਹੀ ਪੰਜਾਬ ਨੂੰ ਇੱਕ ਵਾਰ ਫਿਰ ਤੋਂ ‘ਰੰਗਲਾ ਪੰਜਾਬ’ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨਗੇ।
ਇਸ ਮੌਕੇ ਉਦਯੋਗ ਮੰਤਰੀ ਸੰਜੀਵ ਅਰੋੜਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।