ਮੁੱਖ ਮੰਤਰੀ ਦੇ ਓ.ਐਸ.ਡੀ. ਵੱਲੋਂ ਧੂਰੀ ਸ਼ਹਿਰ ‘ਚ ਕਰੀਬ ਸਵਾ ਚਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਫੈਕਟ ਸਮਾਚਾਰ ਸੇਵਾ

ਸੰਗਰੂਰ, ਫਰਵਰੀ 9

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਧੂਰੀ ਸ਼ਹਿਰ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਦੇ ਮਕਸਦ ਨਾਲ ਧੂਰੀ ਸ਼ਹਿਰ ਵਿੱਚ ਕਰੀਬ ਸਵਾ ਚਾਰ ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਹ ਵਿਕਾਸ ਕਾਰਜ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੀ ਲੜੀ ਦਾ ਅਹਿਮ ਹਿੱਸਾ ਹਨ।

ਇਸ ਮੌਕੇ ਓ.ਐਸ.ਡੀ. ਸੁਖਵੀਰ ਸਿੰਘ ਨੇ ਵਾਰਡ ਨੰਬਰ 9 ਵਿਖੇ ਸੰਗਰੂਰ ਵਾਲੇ ਪਾਸੇ ਤੋਂ ਧੂਰੀ ਸ਼ਹਿਰ ਦੇ ਮੁੱਖ ਐਂਟਰੀ ਪੁਆਇੰਟ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਲਈ 2 ਕਰੋੜ 15 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਲਗਭਗ 80 ਹਜ਼ਾਰ ਵਰਗ ਫੁੱਟ ਖੇਤਰ ਵਿੱਚ ਉੱਚ-ਗੁਣਵੱਤਾ ਵਾਲੀਆਂ ਟਾਈਲਾਂ ਲਗਾਈਆਂ ਜਾਣਗੀਆਂ। ਇਸ ਦੇ ਨਾਲ ਹੀ ਸ਼ਹਿਰ ਦੀ ਦਿੱਖ ਨੂੰ ਹੋਰ ਆਕਰਸ਼ਕ ਬਣਾਉਣ ਲਈ 19 ਸਿੰਗਲ ਬ੍ਰੈਕਟ ਪੋਲ ਅਤੇ 12 ਡਬਲ ਬ੍ਰੈਕਟ ਪੋਲ ਸਥਾਪਿਤ ਕੀਤੇ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਐਂਟਰੀ ਪੁਆਇੰਟ ’ਤੇ ਪਾਮ ਦੇ ਦਰੱਖਤ ਲਗਾਏ ਜਾਣਗੇ ਅਤੇ ਇਨ੍ਹਾਂ ਦਰੱਖਤਾਂ ਨੂੰ ਹਾਈਲਾਈਟ ਕਰਨ ਲਈ ਕਰੀਬ 40 ਸੁੰਦਰ ਲਾਈਟਾਂ ਲਗਾਈਆਂ ਜਾਣਗੀਆਂ, ਜਿਸ ਨਾਲ ਰਾਤ ਦੇ ਸਮੇਂ ਧੂਰੀ ਸ਼ਹਿਰ ਦੀ ਐਂਟਰੀ ਹੋਰ ਵੀ ਆਕਰਸ਼ਕ ਅਤੇ ਮਨਮੋਹਕ ਦਿੱਖ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ 67 ਲੱਖ ਰੁਪਏ ਨਾਲ ਆਈ.ਟੀ.ਆਈ. ਸੜਕ ਬਣਾਈ ਜਾਵੇਗੀ।

ਇਸ ਤੋਂ ਇਲਾਵਾ ਧੂਰੀ ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਕਰੀਬ 1 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਵੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਕਾਰਜਾਂ ਤਹਿਤ ਗੋਲ ਪਾਰਕ ਨੇੜੇ ਅਤੇ ਸਿਲਾਈ ਕੇਂਦਰ ਵਾਲੇ ਖੇਤਰ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ, ਪੀ.ਵੀ.ਸੀ. ਪਾਈਪ ਪਾਉਣ ਅਤੇ ਗਲੀਆਂ-ਨਾਲੀਆਂ ਦੇ ਨਵੀਨੀਕਰਨ ਦੇ ਕੰਮ ਕੀਤੇ ਜਾਣਗੇ, ਜਿਸ ਨਾਲ ਇਲਾਕੇ ਦੀ ਸਫ਼ਾਈ ਅਤੇ ਆਵਾਜਾਈ ਪ੍ਰਣਾਲੀ ਵਿੱਚ ਸੁਧਾਰ ਆਵੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਹਿਰਾਂ ਅਤੇ ਕਸਬਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਧੂਰੀ ਸ਼ਹਿਰ ਨੂੰ ਇੱਕ ਸੁੰਦਰ, ਸਾਫ਼-ਸੁਥਰਾ ਅਤੇ ਸਹੂਲਤਾਂ ਨਾਲ ਲੈਸ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ।

ਉਨ੍ਹਾਂ ਕਿਹਾ ਕਿ ਧੂਰੀ ਵਾਸੀਆਂ ਦੀ ਸਭ ਤੋਂ ਵੱਡੀ ਮੰਗ ਰੇਲਵੇ ਓਵਰ ਬ੍ਰਿਜ ਦਾ ਟੈਂਡਰ ਹੋ ਚੁੱਕਾ ਹੈ ਤੇ ਬਹੁਤ ਜਲਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਰ.ਓ.ਬੀ ਦੇ ਕੰਮ ਦੀ ਸ਼ੁਰੂਆਤ ਕਰਵਾਉਣਗੇ। ਉਨ੍ਹਾਂ ਕਿਹਾ ਕਿ 54 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਰੇਲਵੇ ਓਵਰ ਬ੍ਰਿਜ ਨਾਲ ਧੂਰੀ ਸ਼ਹਿਰ ਦੀ ਟਰੈਫਿਕ ਦੀ ਸਮੱਸਿਆ ਹੱਲ ਹੋ ਜਾਵੇਗੀ।

ਇਸ ਤੋਂ ਪਹਿਲਾਂ ਓ.ਐਸ.ਡੀ. ਸੁਖਵੀਰ ਸਿੰਘ ਤ੍ਰਿਮੂਰਤੀ ਸ਼ਿਵ ਜਯੰਤੀ ਮਹਾਂਉਤਸਵ ਮੌਕੇ ਸਨਾਤਨ ਧਰਮ ਸਭਾ ਵਿਖੇ ਆਯੋਜਿਤ ਸਮਾਗਮ ਵਿੱਚ ਵੀ ਸ਼ਾਮਲ ਹੋਏ।

ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਪੰਜਾਬ ਵਕ਼ਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਅਨਿਲ ਮਿੱਤਲ, ਪੁਸ਼ਪਿੰਦਰ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ, ਰਮਨਦੀਪ ਸਿੰਘ, ਵਿਜੈ ਕੁਮਾਰ ਗੋਇਲ, ਸ਼ਾਮ ਸਿੰਗਲਾ, ਨਰੇਸ਼ ਸਿੰਗਲਾ, ਜਸਪਾਲ ਭੁੱਲਰ, ਰਛਪਾਲ ਸਿੰਘ, ਰਾਜੀਵ ਚੌਧਰੀ ਸਮੇਤ ਵੱਡੀ ਗਿਣਤੀ ਧੂਰੀ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *

View in English