ਫੈਕਟ ਸਮਾਚਾਰ ਸੇਵਾ
ਲੰਬੀ , ਮਈ 30
ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਸਿੰਘੇਵਾਲਾ ਥਾਣਾ ਕਿੱਲਿਆਂਵਾਲੀ ਵਿਖੇ ਇੱਕ ਪਟਾਕਾ ਫੈਕਟਰੀ ਵਿੱਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿੱਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਜਦ ਕਿ 25 ਦੇ ਕਰੀਬ ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਜਿੰਨਾ ਚਾਰ ਮਜ਼ਦੂਰਾਂ ਦੀ ਮੌਤ ਹੋਈ ਉਹ ਹੋਰਨਾਂ ਸੂਬਿਆਂ ਦੇ ਦੱਸੇ ਜਾ ਰਹੇ ਹਨ।
ਮੌਕੇ ‘ਤੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪੁੱਜੇ ਸਿਹਤ ਕਰਮੀਆਂ ਨੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਉਹ ਜ਼ੇਰੇ ਇਲਾਜ ਹਨ। ਮੌਕੇ ‘ਤੇ ਪਹੁੰਚੇ ਐਸਐਸਪੀ ਡਾ. ਅਖਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਦੇ ਕਰੀਬ ਵਿਅਕਤੀ ਜ਼ਖ਼ਮੀ ਹੋਏ ਸਨ। ਜਾਣਕਾਰੀ ਅਨੁਸਾਰ ਇੱਕ ਪਾਸੇ ਪਟਾਕਿਆਂ ਦੀ ਪੈਕਿੰਗ ਹੋ ਰਹੀ ਸੀ ਜਦ ਕਿ ਇੱਕ ਪਾਸੇ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਕੁਝ ਲੇਬਰ ਸੁੱਤੀ ਪਈ ਸੀ। ਇਸ ਦੌਰਾਨ ਪਟਾਕਿਆ ਨੂੰ ਲੱਗੀ ਅੱਗ ਕਾਰਨ ਹੋਏ ਧਮਾਕੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਫੋਰਾਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਜਲਦ ਪਤਾ ਲਗਾ ਲਿਆ ਜਾਵੇਗਾ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਡੀਸੀ ਅਭਿਜੀਤ ਕਪਲਿਸ਼ ਨੇ ਕਿਹਾ ਕਿ ਜ਼ਿਲ੍ਹੇ ਦੇ ਸਿੰਘੇਵਾਲਾ ਪਿੰਡ ਵਿੱਚ ਜਿਸ ਫੈਕਟਰੀ ਵਿੱਚ ਧਮਾਕਾ ਹੋਇਆ ਸੀ, ਉਸ ਨੂੰ ਪ੍ਰਸ਼ਾਸਨ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਵਿਸਫੋਟਕ ਨਿਯਮ 2008 ਦੇ ਤਹਿਤ ਅਜਿਹੇ ਕੰਮ ਲਈ ਪ੍ਰਵਾਨਗੀ ਦਿੱਤੀ ਜਾਂਦੀ ਹੈ ਅਤੇ ਸਬੰਧਤ ਵਿਅਕਤੀ ਨੇ ਇਸ ਸਬੰਧ ਵਿੱਚ ਅਰਜ਼ੀ ਦਿੱਤੀ ਸੀ, ਪਰ ਵੱਖ-ਵੱਖ ਥਾਵਾਂ ਤੋਂ ਰਿਪੋਰਟਾਂ ਲੰਬਿਤ ਹੋਣ ਕਾਰਨ, ਅਜੇ ਤੱਕ ਪ੍ਰਵਾਨਗੀ ਜਾਰੀ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਤਰਜੀਹ ਜ਼ਖਮੀਆਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।