ਪਰਥ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਰਥ ਟੈਸਟ ਦੇ ਪਹਿਲੇ ਦਿਨ ਦਾ ਆਨੰਦ ਲੈਣ ਲਈ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਈ। ਟੈਸਟ ਦੇ ਪਹਿਲੇ ਦਿਨ ਮੈਦਾਨ ‘ਤੇ 31,302 ਦਰਸ਼ਕ ਮੌਜੂਦ ਸਨ, ਜੋ ਇਸ ਮੈਦਾਨ ‘ਤੇ ਇਕ ਨਵਾਂ ਰਿਕਾਰਡ ਵੀ ਹੈ। ਪ੍ਰਸ਼ੰਸਕ ਵੀ ਆਪੋ-ਆਪਣੀਆਂ ਟੀਮਾਂ ਨੂੰ ਜੋਰਦਾਰ ਢੰਗ ਨਾਲ ਚੀਅਰ ਕਰਦੇ ਦੇਖੇ ਗਏ। ਦਰਅਸਲ ਬਾਰਡਰ-ਗਾਵਸਕਰ ਸੀਰੀਜ਼ ਦਾ ਪਹਿਲਾ ਟੈਸਟ ਮੈਚ ਸ਼ੁਰੂ ਹੋਇਆ ਤਾਂ ਪਹਿਲੇ ਦਿਨ ਪਹਿਲਾਂ, ਕੰਗਾਰੂ ਤੇਜ਼ ਗੇਂਦਬਾਜ਼ਾਂ ਨੇ ਤਬਾਹੀ ਮਚਾ ਦਿੱਤੀ ਅਤੇ ਪੂਰੀ ਭਾਰਤੀ ਟੀਮ ਨੂੰ ਸਿਰਫ 150 ਦੌੜਾਂ ‘ਤੇ ਆਉਟ ਕਰ ਦਿੱਤਾ।
ਜਸਪ੍ਰੀਤ ਬੁਮਰਾਹ ਨੇ ਸਟੀਵ ਸਮਿਥ ਨੂੰ ਗੋਲਡਨ ਡਕ ‘ਤੇ ਪਵੇਲੀਅਨ ਪਹੁੰਚਾ ਕੇ ਇਤਿਹਾਸ ਦੇ ਪੰਨਿਆਂ ‘ਚ ਆਪਣਾ ਨਾਂ ਦਰਜ ਕਰਵਾ ਦਿੱਤਾ। ਬੁਮਰਾਹ ਸਮਿਥ ਨੂੰ ਗੋਲਡਨ ਡਕ ‘ਤੇ ਆਊਟ ਕਰਨ ਵਾਲੇ ਦੂਜੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਸਾਲ 2014 ‘ਚ ਡੇਲ ਸਟੇਨ ਨੇ ਟੈਸਟ ‘ਚ ਪਹਿਲੀ ਹੀ ਗੇਂਦ ‘ਤੇ ਸਮਿਥ ਨੂੰ ਆਊਟ ਕੀਤਾ ਸੀ।
ਇਸ ਤੋਂ ਬਾਅਦ ਕਪਤਾਨ ਜਸਪ੍ਰੀਤ ਬੁਮਰਾਹ ਦੀ ਅਗਵਾਈ ‘ਚ ਭਾਰਤੀ ਗੇਂਦਬਾਜ਼ਾਂ ਨੇ ਵੀ ਆਸਟ੍ਰੇਲੀਆ ਦੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਨੂੰ ਮੁਸੀਬਤ ਵਿਚ ਪਾਈ ਰੱਖਿਆ। ਓਪਟਸ ਸਟੇਡੀਅਮ ‘ਚ ਟੈਸਟ ਦੇ ਪਹਿਲੇ ਹੀ ਦਿਨ ਕੁੱਲ 17 ਵਿਕਟਾਂ ਡਿੱਗੀਆਂ, ਜੋ ਕੰਗਾਰੂ ਮੈਦਾਨ ‘ਤੇ ਵੀ ਨਵਾਂ ਰਿਕਾਰਡ ਹੈ। ਇੰਨਾ ਹੀ ਨਹੀਂ ਟੈਸਟ ਦਾ ਪਹਿਲਾ ਦਿਨ ਕਈ ਮਾਇਨਿਆਂ ਤੋਂ ਇਤਿਹਾਸਕ ਸਾਬਤ ਹੋਇਆ। ਆਸਟ੍ਰੇਲੀਆ ਦੀ ਧਰਤੀ ‘ਤੇ ਪਰਥ ਦੀ ਧਰਤੀ ‘ਤੇ ਟੈਸਟ ਕ੍ਰਿਕਟ ‘ਚ ਅਜਿਹੀ ਘਟਨਾ ਵਾਪਰੀ, ਜੋ ਪਿਛਲੇ 72 ਸਾਲਾਂ ‘ਚ ਨਹੀਂ ਵਾਪਰੀ ਸੀ। 1952 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਆਸਟ੍ਰੇਲੀਆ ‘ਚ ਖੇਡੇ ਜਾ ਰਹੇ ਟੈਸਟ ਮੈਚ ਦੇ ਪਹਿਲੇ ਦਿਨ 17 ਵਿਕਟਾਂ ਡਿੱਗੀਆਂ ਹਨ।
ਦੋਵਾਂ ਟੀਮਾਂ ਦੇ ਤੇਜ਼ ਗੇਂਦਬਾਜ਼ਾਂ ਨੇ ਪਿੱਚ ਤੋਂ ਮਿਲੀ ਮਦਦ ਦਾ ਪੂਰਾ ਫਾਇਦਾ ਉਠਾਇਆ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ ਜਦਕਿ ਮਿਸ਼ੇਲ ਸਟਾਰਕ, ਮਿਸ਼ੇਲ ਮਾਰਸ਼ ਅਤੇ ਪੈਟ ਕਮਿੰਸ ਨੇ ਦੋ-ਦੋ ਵਿਕਟਾਂ ਲਈਆਂ। ਭਾਰਤ ਲਈ ਕਪਤਾਨ ਜਸਪ੍ਰੀਤ ਬੁਮਰਾਹ ਨੇ ਚਾਰ ਵਿਕਟਾਂ, ਸਿਰਾਜ ਨੇ ਦੋ ਅਤੇ ਹਰਸ਼ਿਤ ਰਾਣਾ ਨੇ ਇਕ ਵਿਕਟ ਲਈ।
1980 ਤੋਂ ਬਾਅਦ ਟੈਸਟ ਕ੍ਰਿਕਟ ‘ਚ ਇਹ ਦੂਜੀ ਵਾਰ ਹੈ, ਜਦੋਂ ਕੰਗਾਰੂ ਟੀਮ ਦੇ ਚੋਟੀ ਦੇ ਪੰਜ ਬੱਲੇਬਾਜ਼ 40 ਤੋਂ ਘੱਟ ਦੇ ਸਕੋਰ ਨਾਲ ਪੈਵੇਲੀਅਨ ਪਰਤ ਗਏ। ਇਸ ਤੋਂ ਪਹਿਲਾਂ ਇਹ ਕਾਰਨਾਮਾ ਸਾਲ 2016 ‘ਚ ਦੱਖਣੀ ਅਫਰੀਕਾ ਖਿਲਾਫ ਕੀਤਾ ਸੀ। ਪਰਥ ਟੈਸਟ ਦੀ ਪਹਿਲੀ ਪਾਰੀ ‘ਚ ਕੰਗਾਰੂ ਟੀਮ ਨੇ ਸਿਰਫ 38 ਦੌੜਾਂ ਦੇ ਸਕੋਰ ‘ਤੇ ਆਪਣੀਆਂ ਪਹਿਲੀਆਂ ਪੰਜ ਵਿਕਟਾਂ ਗੁਆ ਦਿੱਤੀਆਂ ਸਨ।