ਫੈਕਟ ਸਮਾਚਾਰ ਸੇਵਾ
ਅਕਤੂਬਰ 17
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਹੋਏ ਤਲਾਕ ਤੋਂ 7 ਸਾਲ ਬਾਅਦ ਦੂਜਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ 7 ਜੁਲਾਈ 2022 ਨੂੰ ਇੱਕ ਸਾਦੇ ਸਮਾਗਮ ਦੌਰਾਨ ਕਰਵਾਇਆ ਸੀ।
ਭਗਵੰਤ ਮਾਨ ਮਾਰਚ 2022 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਭਗਵੰਤ ਮਾਨ ਨੂੰ ਬਤੌਰ ਕਾਮੇਡੀਅਨ ਅਤੇ ਸਿਆਸਤਦਾਨ ਕਾਫ਼ੀ ਲੋਕ ਜਾਣਦੇ ਹਨ। ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੋ ਵਾਰ ਸੰਸਦ ਮੈਂਬਰ ਰਹੇ ਹਨ। 2022 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਉਹ ਧੂਰੀ ਹਲਕੇ ਤੋਂ ਵਿਧਾਇਕ ਬਣੇ ਹਨ।ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਵੀ ਹਨ।
2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਸਮੇਂ ਤੋਂ ਹੀ ਭਗਵੰਤ ਮਾਨ ਪਾਰਟੀ ਦੇ ਸਟਾਰ ਪ੍ਰਚਾਰਕ ਰਹੇ ਹਨ। ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਪਾਰਟੀ ਦੇ ਇੱਕਲੌਤੇ ਅਜਿਹੇ ਆਗੂ ਹਨ, ਜਿੰਨ੍ਹਾਂ ਦੀ ਪੂਰੇ ਪੰਜਾਬ ਵਿੱਚ ਅਪੀਲ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਉਹੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਸ਼ਕਤੀ ਅਤੇ ਕਮਜ਼ੋਰੀ ਵਜੋਂ ਦੇਖੇ ਜਾਣ ਵਾਲੇ ਆਗੂ ਹਨ। ਭਗਵੰਤ ਮਾਨ ਦੀ ਕਲਾ, ਸਿਆਸਤ ਅਤੇ ਨਿੱਜੀ ਜ਼ਿੰਦਗੀ ਬਾਰੇ ਇੱਥੇ ਸੰਖ਼ੇਪ ਝਾਤ ਪਾਈ ਗਈ ਹੈ।
ਭਗਵੰਤ ਮਾਨ ਦੇ ਕੁਝ ਰੋਚਕ ਕਿੱਸੇ
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੀਡੀਆ ਸਲਾਹਕਾਰ ਅਤੇ ਸਾਬਕਾ ਪੱਤਰਕਾਰ ਮਨਜੀਤ ਸਿੰਘ ਸਿੱਧੂ ਭਗਵੰਤ ਮਾਨ ਦੇ ਜਮਾਤੀਏ ਹਨ। ਉਨ੍ਹਾਂ ਮੁਤਾਬਕ ਭਗਵੰਤ ਮਾਨ ਦੀ ਸਖ਼ਸ਼ੀਅਤ ਦੀ ਸਭ ਤੋਂ ਵੱਡੀ ਪੌਜ਼ੀਟਿਵ ਗੱਲ ਹੈ ਆਪਣਾ ਪੱਖ ਰੱਖਣ ਵੇਲੇ ਦੀ ਉਨ੍ਹਾਂ ਦੀ ਐਨਰਜੀ ਹੈ। ਇਹ ਜਿੰਨੇ ਜੋਸ਼ ਨਾਲ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹਨ, ਓਨੇ ਹੀ ਜੋਸ਼ ਅਤੇ ਗੰਭੀਰਤਾ ਨਾਲ 2-4 ਬੰਦਿਆਂ ਨਾਲ ਵੀ ਗੱਲਬਾਤ ਕਰਦੇ ਹਨ। ਸਿੱਧੂ ਮੁਤਾਬਕ ਬਹੁਤੇ ਲੋਕ ਭਗਵੰਤ ਨੂੰ ਸਿਰਫ਼ ਕਾਮੇਡੀਅਨ ਅਤੇ ਸਿਆਸੀ ਆਗੂ ਵਜੋਂ ਜਾਣਦੇ ਹਨ, ਪਰ ਬਹੁਤੇ ਲੋਕਾਂ ਨੂੰ ਇਹ ਗੱਲ ਨਹੀਂ ਪਤਾ ਕਿ ਉਹ ਬਹੁਤ ਹੀ ਗਹਿਰੇ ਕਵੀ ਵੀ ਹਨ। ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਦੀ ਕਿਤਾਬ ਅਜੇ ਤੱਕ ਨਹੀਂ ਛਪਾਈ, ਪਰ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸ਼ਾਇਰੀ ਦੇ ਸੁਰਜੀਤ ਪਾਤਰ ਵਰਗੇ ਸ਼ਾਇਰ ਵੀ ਕਾਇਲ਼ ਹਨ।
ਭਗਵੰਤ ਮਾਨ ਖੇਡਾਂ ਦੇ ਬਹੁਤ ਵਧੀਆ ਪ੍ਰਸ਼ੰਸਕ ਹਨ। ਉਹ ਐੱਨਬੀਏ, ਕ੍ਰਿਕਟ, ਹਾਕੀ ਅਤੇ ਫੁੱਟਬਾਲ ਮੈਚ ਦੇਖਣ ਦੇ ਕਾਫ਼ੀ ਸ਼ੌਕੀਨ ਹਨ। ਦੁਨੀਆਂ ਭਰ ਦੇ ਖਿਡਾਰੀਆਂ ਨੂੰ ਫੋਲੋ ਕਰਦੇ ਹਨ ਅਤੇ ਉਨ੍ਹਾਂ ਬਾਰੇ ਅਪਡੇਟ ਰੱਖਦੇ ਹਨ। ਉਹ ਰਾਤ ਨੂੰ ਕਈ ਵਾਰ ਅਲਾਰਮ ਲਗਾ ਕੇ ਸੌਂਦੇ ਹਨ ਅਤੇ ਰਾਤੀਂ 2-3 ਵਜੇ ਉੱਠ ਕੇ ਵੀ ਮੈਚ ਦੇਖਦੇ ਹਨ। ਭਗਵੰਤ ਮਾਨ ਨੇ ਆਪਣੇ ਪਿੰਡ ਦੇ ਜਮਾਤੀਆਂ ਅਤੇ ਮਿੱਤਰਾਂ ਵਿੱਚੋਂ ਲਗਭਗ ਸਭ ਨੂੰ ਹੀ ਜਹਾਜ਼ ਦੇ ਝੂਟੇ ਦੁਆਏ ਹਨ।
ਉਹ ਜਦੋਂ ਵੀ ਪੰਜਾਬ ਤੋਂ ਬਾਹਰ ਸ਼ੌਅ ਕਰਨ ਜਾਂਦੇ ਤਾਂ ਪਿੰਡ ਵਾਲੇ ਕਿਸੇ ਨਾ ਕਿਸੇ ਮਿੱਤਰ ਬੇਲੀ ਨੂੰ ਨਾਲ ਘੁੰਮਾਉਣ ਲੈ ਜਾਂਦੇ। ਟੈਲੀਫੋਨ ਨੰਬਰ ਮੂੰਹ-ਜ਼ਬਾਨੀ ਯਾਦ ਰੱਖਣਾ ਵੀ ਉਨ੍ਹਾਂ ਦਾ ਇੱਕ ਖਾਸ ਗੁਣ ਹੈ, ਪੁਰਾਣੇ ਦੋਸਤਾਂ ਮਿੱਤਰਾਂ ਦੇ ਸੈਂਕੜੇ ਫੋਨ ਨੰਬਰ ਉਨ੍ਹਾਂ ਨੂੰ ਮੂੰਹ ਜ਼ਬਾਨੀ ਯਾਦ ਹਨ। ਅਖ਼ਬਾਰਾਂ ਅਤੇ ਰੇਡੀਓ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਹੈ। ਉਹ ਸਵੇਰੇ ਉੱਠ ਕੇ ਅਖ਼ਬਾਰਾਂ ਦੇ ਡਿਜੀਟਲ ਐਡੀਸ਼ਨ ਇੰਝ ਧਿਆਨ ਨਾਲ ਪੜ੍ਹਦੇ ਹਨ, ਜਿਵੇਂ ਕੋਈ ਨਿਤਨੇਮੀ ਬੰਦਾ ਪਾਠ ਕਰਦਾ ਹੈ। ਉਹ ਅਖ਼ਬਾਰਾਂ ਦੇ ਜ਼ਿਲ੍ਹਿਆਂ ਤੱਕ ਦੇ ਐਡੀਸ਼ਨ ਤੱਕ ਦੇਖਦੇ ਹਨ, ਇਨ੍ਹਾਂ ਬਾਰੇ ਉਹ ਕਹਿੰਦੇ ਹਨ ਕਿ ਇਹੀ ਗਰਾਊਂਡ ਦੀ ਜਾਣਕਾਰੀ ਉਨ੍ਹਾਂ ਨੂੰ ਸੂਬੇ ਦੇ ਹਰ ਕੋਨੇ ਬਾਰੇ ਸੂਖਮਤਾ ਨਾਲ ਜਾਣਨ ਵਿੱਚ ਮਦਦ ਕਰਦੀ ਹੈ। ਰੇਡੀਓ ਉੱਤੇ ਮੈਚਾਂ ਦੀ ਕੂਮੈਂਟਰੀ ਸੁਣਨਾ ਉਨ੍ਹਾਂ ਦੀ ਬਚਪਨ ਦੀ ਹੀ ਆਦਤ ਹੈ ਅਤੇ ਉਹ ਅਜੇ ਵੀ ਇਸ ਨੂੰ ਨਹੀਂ ਛੱਡਦੇ।
ਭਗਵੰਤ ਮਾਨ ਦਾ ਨਿੱਜੀ ਪਿਛੋਕੜ
ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਚੀਮਾ ਮੰਡੀ ਲਾਗਲੇ ਪਿੰਡ ਸਤੌਜ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਸਰਕਾਰੀ ਅਧਿਆਪਕ ਸਨ ਅਤੇ ਮਾਂ ਹਰਪਾਲ ਕੌਰ ਹਾਊਸਵਾਇਫ਼ ਹਨ। ਸਕੂਲੀ ਪੜ੍ਹਾਈ ਪਾਸ ਕਰਦਿਆਂ ਹੀ ਉਹ ਕਾਮੇਡੀ ਦੇ ਖੇਤਰ ਵਿੱਚ ਆ ਗਏ। ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਕਾਮੇਡੀ ਅਤੇ ਕਵਿਤਾ ਬੋਲਣ ਦੇ ਕਈ ਅੰਤਰ ਕਾਲਜ ਮੁਕਾਬਲੇ ਜਿੱਤੇ। ਇਸ ਦੇ ਨਾਲ ਹੀ ਉਹ ਪ੍ਰੋਫ਼ੈਸ਼ਨਲ ਕਾਮੇਡੀਅਨ ਬਣ ਗਏ। ਭਗਵੰਤ ਦੀ ਸਭ ਤੋਂ ਪਹਿਲੀ ਕਾਮੇਡੀ ਅਤੇ ਪੈਰੋਡੀ ਗਾਣਿਆਂ ਦੀ ਟੇਪ 1992 ਵਿੱਚ ‘ਗੋਭੀ ਦੀਏ ਕੱਚੀਏ ਵਪਾਰਨੇ ਆਈ’ ਅਤੇ ਉਹ ਕਾਮੇਡੀ ਦੀ ਦੁਨੀਆਂ ਵਿੱਚ ਛਾ ਗਏ।12ਵੀਂ ਕਰਨ ਤੋਂ ਬਾਅਦ ਉਨ੍ਹਾਂ ਨੇ ਬੀ ਕਾਮ ਭਾਗ ਪਹਿਲਾ ਵਿੱਚ ਦਾਖਲਾ ਲਿਆ ਪਰ ਕਾਮੇਡੀ ਦੇ ਪ੍ਰੋਫੈਸ਼ਨਲ ਰੁਝੇਵਿਆਂ ਕਾਰਨ ਪੜ੍ਹਾਈ ਵਿੱਚੇ ਛੱਡ ਦਿੱਤੀ।1992 ਤੋਂ 2013 ਤੱਕ ਉਨ੍ਹਾਂ ਨੇ ਕਾਮੇਡੀ ਦੀਆਂ 25 ਐਲਬਮਜ਼ ਰਿਕਾਰਡ ਕਰਵਾਈਆਂ ਅਤੇ ਰਿਲੀਜ਼ ਕੀਤੀਆਂ। ਉਨ੍ਹਾਂ ਨੇ 5 ਗਾਣਿਆਂ ਦੀਆਂ ਟੇਪਾਂ ਰਿਲੀਜ਼ ਕੀਤੀਆਂ। ਭਗਵੰਤ ਮਾਨ ਨੇ 1994 ਤੋਂ 2015 ਤੱਕ 13 ਪੰਜਾਬੀ ਤੇ ਹਿੰਦੀ ਫ਼ਿਲਮਾਂ ਅਤੇ ਇਸ਼ਤਿਹਾਰਾਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਜੁਗਨੂੰ, ਝੰਡਾ ਸਿੰਘ, ਬੀਬੋ ਭੂਆ ਤੇ ਪੱਪੂ ਪਾਸ ਵਰਗੇ ਕਾਮੇਡੀ ਪਾਤਰ ਭਗਵੰਤ ਮਾਨ ਦੀ ਦੇਣ ਹਨ।
ਜਗਤਾਰ ਜੱਗੀ ਅਤੇ ਰਾਣਾ ਰਣਬੀਰ ਨਾਲ ਜੋੜੀ ਬਣਾ ਕੇ ਕਾਮੇਡੀ ਕਰਦੇ ਰਹੇ ਭਗਵੰਤ ਮਾਨ ਨੇ ‘ਜੁਗਨੂੰ ਮਸਤ ਮਸਤ’ ਵਰਗੇ ਕਾਮੇਡੀ ਟੀਵੀ ਸ਼ੌਅ ਅਤੇ ‘ਨੋ ਲਾਇਫ਼ ਵਿਦ ਵਾਇਫ਼’ ਵਰਗੇ ਸਟੇਜ ਸ਼ੌਅ ਕੀਤੇ। ਗਾਇਕ ਕਰਮਜੀਤ ਅਨਮੋਲ ਨੂੰ ਕਾਮੇਡੀ ਸ਼ੌਅ ਨਾਲ ਜੋੜਨ ਤੇ ਅਦਾਕਾਰੀ ਵੱਲ ਲਿਆਉਣ ਵਾਲੇ ਵੀ ਭਗਵੰਤ ਮਾਨ ਹੀ ਸਨ। ਕਰਮਜੀਤ ਅਨਮੋਲ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੇ ਹੀ ਦੋਸਤ ਹਨ ਅਤੇ ਇਸ ਵੇਲੇ ਪੰਜਾਬੀ ਫਿਲਮ ਸਨਅਤ ਦੇ ਉਹ ਵੱਡੇ ਨਾਮ ਹਨ। ਭਗਵੰਤ ਨੇ ਇੰਦਰਜੀਤ ਕੌਰ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਇੱਕ ਬੇਟਾ ਅਤੇ ਬੇਟੀ ਹਨ। ਪਤਨੀ ਉਨ੍ਹਾਂ ਤੋਂ ਵੱਖ ਅਮਰੀਕਾ ਰਹਿੰਦੀ ਹੈ ਅਤੇ ਭਗਵੰਤ ਆਪਣੀ ਮਾਂ ਨਾਲ ਪਿੰਡ ਸਤੌਜ ਰਹਿੰਦੇ ਹਨ। ਉਨ੍ਹਾਂ ਦੀ ਇੱਕ ਭੈਣ ਮਨਪ੍ਰੀਤ ਕੌਰ ਹੈ, ਜੋ ਸਤੌਜ ਨੇੜਲੇ ਪਿੰਡ ਵਿਆਹੀ ਹੋਈ ਹੈ।
ਘਟਨਾ ਜਿਸ ਨੇ ਭਗਵੰਤ ਮਾਨ ਨੂੰ ਸਿਆਸਤ ਵਿੱਚ ਲਿਆਂਦਾ
ਭਾਸ਼ਣ ਦੇਣ ਦਾ ਸ਼ੌਕ ਭਗਵੰਤ ਮਾਨ ਨੂੰ ਬਚਪਨ ਤੋਂ ਹੀ ਸੀ, ਉਦੋਂ ਉਨਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਕਾਮੇਡੀ ਕਲਾਕਾਰ ਬਣਨਗੇ ਜਾਂ ਸਿਆਸੀ ਆਗੂ। ਮਨਜੀਤ ਸਿੱਧੂ ਦੱਸਦੇ ਹਨ ਕਿ ਭਗਵੰਤ ਖੇਤਾਂ ਵਿੱਚ ਪਾਣੀ ਲਾਉਣ ਵੇਲੇ ਜਾਂ ਲੱਕੜਾਂ ਵੱਢਣ ਸਮੇਂ ਕਹੀ ਜਾਂ ਕੁਹਾੜੇ ਦੇ ਦਸਤੇ ਨੂੰ ਹੀ ਮਾਇਕ ਬਣਾ ਲੈਂਦੇ ਤੇ ਭਾਸ਼ਣ ਦਿੰਦੇ ਰਹਿੰਦੇ ਸਨ। ਸਿੱਧੂ ਦੱਸਦੇ ਹਨ ਕਿ ਕਾਮੇਡੀ ਟੇਪਾਂ ਰਾਹੀ ਸਿਆਸੀ ਤੇ ਸਮਾਜਿਕ ਮੁੱਦਿਆਂ ਉੱਤੇ ਵਿਅੰਗ ਕਰਨੇ ਉਨ੍ਹਾਂ ਦੀ ਕਲਾ ਦਾ ਮੁੱਖ ਸਰੋਕਾਰ ਰਿਹਾ।
2009-2010 ਵਿੱਚ ਉਨ੍ਹਾਂ ਅਖ਼ਬਾਰਾਂ ਲ਼ਈ ਰੈਗੂਲਰ ਕਾਲਮ ਲਿਖਣੇ ਸ਼ੁਰੂ ਕੀਤੇ। ਇਸ ਸਮੇਂ ਦੌਰਾਨ ਉਨ੍ਹਾਂ ਨੇ ਇੱਕ ਦਿਨ ਫ਼ਾਜ਼ਿਲਕਾ ਇਲਾਕੇ ਵਿੱਚ ਬੱਚੀਆਂ ਨੂੰ ਅਜੀਬੋ-ਗਰੀਬ ਬਿਮਾਰੀਆਂ ਲੱਗਣ ਬਾਬਤ ਰਿਪੋਰਟ ਪੜ੍ਹੀ। ਭਗਵੰਤ ਮਾਨ ਅਗਲੇ ਦਿਨ ਹੀ ਦੋਨਾ ਨਾਨਕਾ ਤੇ ਕਰੀਬੀ ਪਿੰਡਾਂ ਵਿੱਚ ਪਹੁੰਚ ਗਏ, ਉੱਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ, ਜਿਸ ਕਾਰਨ ਲੋਕਾਂ ਦਾ ਬੁਰਾ ਹਾਲ ਸੀ।
ਕੁਝ ਪਰਵਾਸੀ ਦੋਸਤ ਮਿੱਤਰਾਂ ਦੀ ਮਦਦ ਨਾਲ ਭਗਵੰਤ ਨੇ ਇਸ ਖੇਤਰ ਵਿੱਚ ਕੁਝ ਬੋਰ ਬਗੈਰਾ ਕਰਵਾ ਕੇ ਪਾਣੀ ਦੀ ਇੰਤਜ਼ਾਮ ਕਰਨ ਦੀ ਆਪਣੇ ਪੱਧਰ ਤੇ ਕੋਸ਼ਿਸ਼ ਕੀਤੀ। ਉਨ੍ਹਾਂ ਕੁਝ ਸਮਾਜਿਕ ਤੇ ਮੀਡੀਆ ਖੇਤਰ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਮਸਲੇ ਨੂੰ ਬਕਾਇਦਾ ਪ੍ਰੈਸ ਕਾਨਫਰੰਸਾਂ ਕਰਕੇ ਮੀਡੀਆ ਵਿੱਚ ਉਭਾਰਿਆ।
2011 ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਵਿੱਚੋਂ ਬਗਾਵਤ ਕਰ ਦਿੱਤੀ। ਜਲੰਧਰ ਵਿੱਚ ਉੱਘੇ ਖੇਤੀ ਮਾਹਰ ਸਰਦਾਰਾ ਸਿੰਘ ਜੌਹਲ ਦੀ ਅਗਵਾਈ ਵਿੱਚ ਪੰਜਾਬ ਦੇ ਸਰੋਕਾਰਾਂ ਨੂੰ ਲੈ ਕੇ ਇੱਕ ਕਾਨਫਰੰਸ ਕਰਵਾਈ ਗਈ।
ਇੱਥੇ ਭਗਵੰਤ ਮਾਨ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਮੁਲਾਕਾਤ ਹੋਈ ਅਤੇ ਭਗਵੰਤ ਮਾਨ ਨੂੰ ਉਨ੍ਹਾਂ ਨੇ ਸਰਗਰਮ ਸਿਆਸਤ ਵਿੱਚ ਆਉਣ ਲਈ ਪ੍ਰੇਰਿਆ।
ਭਗਵੰਤ ਮਾਨ ਦਾ ਸਿਆਸੀ ਸਫ਼ਰ
ਸਿਆਸਤ ਵਿੱਚ ਆਉਣ ਵੇਲੇ ਭਗਵੰਤ ਮਾਨ ਨੇ ਕਿਹਾ ਸੀ ”ਮੈਂ ਆਪਣੀ ਕਾਮੇਡੀ ਰਾਹੀ ਇੱਕ ਤਰ੍ਹਾਂ ਦੀ ਸਿਆਸੀ ਅਤੇ ਸਮਾਜਿਕ ਕੂਮੈਂਟਰੀ ਹੀ ਕਰਦਾ ਆ ਰਿਹਾ ਸੀ, ਹੁਣ ਮੈਨੂੰ ਲੱਗਿਆ ਕਿ ਚਿੱਕੜ ਸਾਫ਼ ਕਰਨ ਲਈ ਚਿੱਕੜ ਵਿੱਚ ਲਿਬੜਨਾ ਹੀ ਪੈਣਾ ਹੈ, ਇਸ ਲਈ ਹੁਣ ਸਰਗਰਮ ਸਿਆਸਤ ਵਿੱਚ ਆ ਗਿਆ ਹਾਂ।”
”ਅਕਾਲੀ ਅਤੇ ਕਾਂਗਰਸ ਨੇ ਮਿਲ ਕੇ ਸੱਤਾ ਦਾ ਚੱਕਰ ਬਣਾਇਆ ਹੋਇਆ ਹੈ, ਪੰਜਾਬ ਦੇ ਲੋਕ ਇਸ ਵਿੱਚ ਪਿਸ ਰਹੇ ਹਨ, ਪੰਜਾਬ ਨੂੰ ਇੱਕ ਬਦਲ ਚਾਹੀਦਾ ਹੈ, ਅਸੀਂ ਇਹ ਦੇਣ ਦੀ ਕੋਸ਼ਿਸ਼ ਕਰਾਂਗੇ।” ਭਗਵੰਤ ਮਾਨ ਬਤੌਰ ਪ੍ਰੋਫੈਸ਼ਨਲ ਕਲਾਕਾਰ ਸਿਆਸੀ ਸਟੇਜਾਂ ਉੱਤੇ ਜਾਂਦੇ ਰਹੇ। ਪਰ ਉਨ੍ਹਾਂ ਰਸਮੀ ਸਿਆਸਤ ਨਹੀਂ ਕੀਤੀ ਸੀ।
ਖਾਸ ਕਰ ਕੇ ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਨੂੰ ਤੀਜੇ ਬਦਲ ਵਜੋਂ ਉਭਾਰਨ ਲਈ ਭਗਵੰਤ ਮਾਨ ਨੇ ਕਾਫ਼ੀ ਸਟੇਜਾਂ ਕੀਤੀਆਂ। ਪਰ ਉਨ੍ਹਾਂ ਕਦੇ ਵੀ ਕਿਸੇ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਵੀ ਨਹੀਂ ਲਈ ਸੀ। ਕਾਲਜ ਦੇ ਦਿਨਾਂ ਵਿੱਚ ਉਹ ਖੱਬੇਪੱਖ਼ੀ ਵਿਚਾਧਾਰਾ ਤੋਂ ਪ੍ਰਭਾਵਿਤ ਹੋਏ, ਪਰ ਕਿਸੇ ਪਾਰਟੀ ਦੇ ਮੈਂਬਰ ਨਹੀਂ ਬਣੇ ਸਨ। ਮਾਰਚ 2011 ਵਿੱਚ ਜਦੋਂ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾਈ ਤਾਂ ਭਗਵੰਤ ਮਾਨ ਵੀ ਸਿਆਸਤ ਵਿੱਚ ਕੁੱਦ ਪਏ ਅਤੇ ਪੀਪੀਪੀ ਦੇ ਬਾਨੀ ਆਗੂਆਂ ਵਿੱਚ ਸ਼ੁਮਾਰ ਹੋਏ।
ਦਿੱਗਜ਼ਾਂ ਤੋਂ ਹਾਰੇ ਵੀ ਤੇ ਹਰਾਇਆ ਵੀ
ਫਰਵਰੀ 2012 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਨੇ ਹਲਕਾ ਲਹਿਰਾਗਾਗਾ ਤੋਂ ਪੀਪੀਪੀ ਦੇ ਉਮੀਦਵਾਰ ਵਜੋਂ ਚੋਣ ਲੜੀ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਦਿੱਗਜ ਆਗੂ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਲੜੀ ਪਹਿਲੀ ਚੋਣ ਵਿੱਚ ਭਗਵੰਤ ਮਾਨ ਹਾਰ ਗਏ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੀਪੀਪੀ ਨੂੰ ਕੋਈ ਵੀ ਸੀਟ ਨਹੀਂ ਮਿਲੀ ਅਤੇ ਅਕਾਲੀ ਦਲ ਦੀ ਲਗਾਤਾਰ ਦੂਜੀ ਵਾਰ ਸਰਕਾਰ ਬਣ ਗਈ। ਇਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਵਿੱਚ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਭਗਵੰਤ ਮਾਨ ਨੇ ਕਾਂਗਰਸ ਵਿੱਚ ਜਾਣ ਦੀ ਥਾਂ ਵੱਖਰਾ ਰਾਹ ਚੁਣਿਆ ਅਤੇ 2014 ਵਿੱਚ ਆਮ ਆਦਮੀ ਪਾਰਟੀ ਹਿੱਸਾ ਬਣੇ ।
ਅੰਨਾ ਹਜ਼ਾਰੇ ਦੀ ਲਹਿਰ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਜ਼ਬਰਦਸਤ ਸਮਰਥਨ ਮਿਲਿਆ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚੋਂ 4 ਸੀਟਾਂ ਜਿਤਾ ਦਿੱਤੀਆਂ। ਭਗਵੰਤ ਮਾਨ ਇਨ੍ਹਾਂ ਚੋਣਾਂ ਵਿੱਚ ਪਾਰਟੀ ਦੇ ਕੰਪੇਨ ਦਾ ਚਿਹਰਾ ਮੋਹਰਾ ਸਨ। ਉਨ੍ਹਾਂ ਆਪ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜੀ ਤੇ ਅਕਾਲੀ ਦਲ ਦੇ ਵੱਡੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।
ਕਾਂਗਰਸੀ ਆਗੂ ਵਿਜੇਇੰਦਰ ਸਿੰਗਲਾ ਇਨ੍ਹਾਂ ਚੋਣਾਂ ਵਿੱਚ ਤੀਜੀ ਥਾਂ ਉੱਤੇ ਰਹੇ ਹਨ।
2019 ਦੀਆਂ ਲੋਕਾਂ ਸਭਾ ਚੋਣਾਂ ਤੱਕ ਪੰਜਾਬ ਦੇ ਸਿਆਸੀ ਹਾਲਾਤ ਬਦਲ ਚੁੱਕੇ ਸਨ, 2017 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਮੁੜ ਸੱਤਾ ਹਾਸਲ ਕਰ ਲਈ ਸੀ।
ਆਮ ਆਦਮੀ ਪਾਰਟੀ ਵੀ ਦੋਫ਼ਾੜ ਹੋ ਗਈ, ਸੁਖ਼ਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਅਤੇ ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਸਾਂਝਾ ਗਠਜੋੜ ਬਣਾ ਕੇ ਲੜੀ। ਪਰ ਉਹ ਕੋਈ ਸੀਟ ਨਹੀਂ ਜਿੱਤ ਸਕੇ। ਇਨ੍ਹਾਂ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਤੋਂ ਬਿਨਾਂ ਭਗਵੰਤ ਮਾਨ ਇੱਕੋ ਇੱਕ ਅਜਿਹਾ ਆਗੂ ਸਨ, ਜੋ ਤੀਜੀ ਧਿਰ ਵਜੋਂ ਸੰਗਰੂਰ ਤੋਂ ਮੁੜ ਚੋਣ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੇ। ਇਸ ਨਾਲ ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸਿਰਮੌਰ ਆਗੂ ਵਜੋਂ ਉੱਭਰ ਕੇ ਸਾਹਮਣੇ ਆਏ। 8 ਮਈ 2017 ਨੂੰ ਭਗਵੰਤ ਮਾਨ ਨੂੰ ਆਮ ਆਦਮੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ ਗਿਆ, ਪਰ ਕੁਝ ਸਮੇਂ ਬਾਅਦ ਉਨ੍ਹਾਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਉਹ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਉੱਤੇ ਡਰੱਗ ਮਾਫ਼ੀਆ ਨੂੰ ਸਰਪ੍ਰਸਤੀ ਦੇ ਇਲਜ਼ਾਮ ਲਾਉਣ ਦੇ ਮਾਨਹਾਨੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੇ ਅਦਾਲਤ ਵਿੱਚ ਮਾਫ਼ੀ ਮੰਗੇ ਜਾਣ ਤੋਂ ਨਰਾਜ਼ ਸਨ। 2017 ਦੀਆਂ ਚੋਣਾਂ ਵਿੱਚ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਖ਼ਿਲਾਫ਼ ਲੜੇ ਪਰ ਉਹ ਬਾਦਲ ਤੋਂ 18500 ਵੋਟਾਂ ਨਾਲ ਹਰ ਗਏ। ਕਾਂਗਰਸ ਨੇ ਵੀ ਇੱਥੋਂ ਰਵਨੀਤ ਬਿੱਟੂ ਨੂੰ ਉਤਾਰ ਦਿੱਤਾ ਸੀ, ਜਿਸ ਕਾਰਨ ਤ੍ਰਿਕੋਣੀ ਟੱਕਰ ਵਿੱਚ ਭਗਵੰਤ ਮਾਨ ਦੀ ਹਾਰ ਹੋਈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਗਵੰਤ ਮਾਨ ਨੇ 111,111 ਵੋਟਾਂ ਨਾਲ ਮੁੜ ਚੋਣ ਜਿੱਤ ਲਈ।