ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜਨਵਰੀ 20
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਓ. ਐਸ. ਡੀ. ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਲਾਹਕਾਰ ਬਿਭਵ ਕੁਮਾਰ ਨੂੰ ਦਿੱਤੀ ਗਈ ਜ਼ੈਡ ਪਲੱਸ ਸੁਰੱਖਿਆ ਤੁਰੰਤ ਵਾਪਸ ਲਈ ਜਾਵੇ। ਇਸ ਘਟਨਾਕ੍ਰਮ ’ਤੇ ਹੈਰਾਨੀ ਪ੍ਰਗਟ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਿਯਮਾਂ ਨੂੰ ਛੱਡੋ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਤਾਂ ਇਕ ਵਿਅਕਤੀ ਜਿਸ ’ਤੇ ਆਪ ਦੀ ਐਮ. ਪੀ. ਸਵਾਤੀ ਮਾਲੀਵਾਲ ਨਾਲ ਛੇੜਛਾੜ ਦਾ ਦੋਸ਼ ਹੈ ਤੇ ਇਸ ਕਾਰਨ ਉਹ ਜੇਲ੍ਹ ਵਿਚ ਵੀ ਰਿਹਾ ਹੈ, ਨੂੰ ਸੁਰੱਖਿਆ ਛੱਤਰੀ ਪ੍ਰਦਾਨ ਕਰਨ ਲੱਗਿਆਂ ਨੈਤਿਕਤਾ ਵੀ ਛਿੱਕੇ ਟੰਗ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਿਭਵ ਕੁਮਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਭਵ ਕੁਮਾਰ ਦਿੱਲੀ ਰਹਿੰਦੇ ਹਨ ਤਾਂ ਉਨ੍ਹਾਂ ਦੀ ਸੁਰੱਖਿਆ ਦਾ ਮਾਮਲਾ ਦਿੱਲੀ ਪੁਲਿਸ ਵੇਖ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੱਤ ਸੁਰੱਖਿਆ ਕਰਮੀ ਵੀ 24 ਘੰਟੇ ਮੁਹੱਈਆ ਕਰਵਾਉਣਾ ਕਿਸੇ ਵੀ ਤਰੀਕੇ ਵਾਜਬ ਨਹੀਂ।