View in English:
June 29, 2024 10:55 am

ਬਾਲ ਮਜ਼ਦੂਰੀ ਰੋਕੋ ਮੁਹਿੰਮ ਤਹਿਤ ਜ਼ਿਲ੍ਹਾ ਟਾਸਕ ਫੋਰਸ ਨੇ ਢਾਬਿਆਂ ਅਤੇ ਦੁਕਾਨਾਂ ਤੇ ਕੀਤੀ ਛਾਪੇਮਾਰੀ

ਫੈਕਟ ਸਮਾਚਾਰ ਸੇਵਾ

ਨਵਾਂਸ਼ਹਿਰ, ਜੂਨ 26

ਬਾਲ ਮਜ਼ਦੂਰੀ ਖਿਲਾਫ ਐਕਸ਼ਨ ਮਹੀਨਾ ਮਨਾਉਂਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ (ਆਈ.ਏ.ਐਸ) ਅਤੇ ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਟਾਸਕ ਫੋਰਸ ਵੱਲੋਂ ਬੰਗਾ ਬਲਾਕ ਵਿੱਚ ਬਾਲ ਮਜ਼ਦੂਰੀ ਸਬੰਧੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਕੀਤੀ ਗਈ।

ਚੈਕਿੰਗ ਦੌਰਾਨ ਬੰਗਾ ਬਲਾਕ ਦੇ ਮੇਨ ਰੋਡ ਬੱਸ ਸਟੈਂਡ ਰੇਲਵੇ ਰੋਡ ਅਤੇ ਮੁਕੰਦਪੁਰ ਰੋਡ ਤੇ ਪੈਂਦੀਆਂ ਦੁਕਾਨਾਂ ਅਤੇ ਢਾਬਿਆਂ ਤੇ ਚੈਕਿੰਗ ਕੀਤੀ ਹੋਈ, ਖੁਸ਼ੀ ਦਾ ਪ੍ਰਗਟਾਵਾ ਕਰਦੇ ਜਿਲਾ ਬਾਲ ਸੁਰੱਖਿਆ ਅਫਸਰ ਵੱਲੋਂ ਦੱਸਿਆ ਗਿਆ ਕਿ ਲਗਭਗ ਇੱਕ ਮਹੀਨੇ ਤੋਂ ਹੋ ਰਹੀਆਂ ਚੈਕਿੰਗਾਂ ਸਦਕੇ ਅੱਜ ਟੀਮ ਨੂੰ ਇੱਕ ਵੀ ਬੱਚਾ ਬਾਲ ਮਜ਼ਦੂਰੀ ਕਰਦੇ ਹੋਏ ਨਹੀਂ ਮਿਲਿਆ। ਚੈਕਿੰਗ ਦੌਰਾਨ ਟੀਮ ਵੱਲੋਂ ਦੁਕਾਨਦਾਰਾਂ ਨੂੰ ਬਾਲ ਮਜ਼ਦੂਰੀ ਕਰਵਾਉਣ ਤੇ ਜੇਜੇ ਐਕਟ ਅਨੁਸਾਰ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਜੇਕਰ ਕੋਈ ਵੀ ਵਿਅਕਤੀ 18 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਤੋਂ ਕਿਸੇ ਕਿਸਮ ਦਾ ਕੰਮ ਕਰਵਾਉਂਦਾ ਹੈ ਤਾਂ ਉਸ ਨੂੰ ਛੇ ਮਹੀਨੇ ਤੋਂ ਲੈ ਕੇ ਦੋ ਸਾਲ ਤੱਕ ਦੀ ਸਜ਼ਾ ਅਤੇ 20 ਹਜਾਰ ਤੋਂ 50 ਹਜਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਇਸ ਦੇ ਨਾਲ ਹੀ ਅਗਰ ਕੋਈ ਵਿਅਕਤੀ 18 ਸਾਲ ਤੋਂ ਛੋਟੇ ਬੱਚੇ ਤੋਂ ਭੀਖ ਮੰਗਵਾਉਂਦਾ ਹੈ ਤਾਂ ਉਸ ਨੂੰ ਜੂਵੇਨਾਇਲ ਜਸਟਿਸ ਐਕਟ ਅਨੁਸਾਰ ਪੰਜ ਸਾਲ ਤੱਕ ਦੀ ਸਜ਼ਾ ਅਤੇ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਉਹਨਾਂ ਦੱਸਿਆ ਕਿ ਭੀਖ ਮੰਗਣਾ ਜਾਂ ਬੱਚਿਆਂ ਤੋਂ ਭੀਖ ਮੰਗਵਾਉਣਾ ਅਤੇ ਬਾਲ ਮਜ਼ਦੂਰੀ ਕਰਵਾਉਣਾ ਕਾਨੂੰਨੀ ਅਪਰਾਧ ਹੈ ਬੱਚਿਆਂ ਦੀ ਉਮਰ ਭੀਖ ਮੰਗਣ ਜਾਂ ਮਜ਼ਦੂਰੀ ਕਰਨ ਦੀ ਨਹੀਂ ਹੈ ਬਲਕਿ ਪੜਨ ਅਤੇ ਖੇਡਣ ਦੀ ਹੈ ਇਸ ਲਈ ਜੇਕਰ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਬੱਚਾ ਭੀਖ ਮੰਗਦਾ ਜਾਂ ਕਿਤੇ ਮਜ਼ਦੂਰੀ ਕਰਦਾ ਨਜ਼ਰ ਆਉਂਦਾ ਹੈ ਤਾਂ ਇਸ ਸਬੰਧੀ ਚਾਇਲਡ ਹੈਲਪਲਾਈਨ ਨੰਬਰ 1098 ਤੇ ਜਾਣਕਾਰੀ ਦੇਣਾ ਯਕੀਨੀ ਬਣਾਇਆ ਜਾਵੇ। ਚੈਕਿੰਗ ਟੀਮ ਵਿੱਚ ਕੰਚਨ ਅਰੋੜਾ ਜਿਲਾ ਬਾਲ ਸੁਰੱਖਿਆ ਅਫਸਰ, ਹਰਵਿੰਦਰ ਸਿੰਘ ਲੇਬਰ ਅਫਸਰ, ਰਜਿੰਦਰ ਕੌਰ ਬਾਲ ਸੁਰੱਖਿਆ ਅਫਸਰ, ਸਿੱਖਿਆ ਵਿਭਾਗ ਤੋਂ ਟੀਚਰ ਸੁਰਿੰਦਰ ਕੁਮਾਰ, ਦਰਬਾਰਾ ਸਿੰਘ ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਦਫਤਰ ਤੋਂ ਸਿੰਦਰਪਾਲ ਕਲਰਕ, ਪੁਲਿਸ ਵਿਭਾਗ ਤੋਂ ਅੰਜਨਾ ਕੁਮਾਰੀ ਅਤੇ ਪ੍ਰਿਤਪਾਲ ਸਿੰਘ ਬੰਗਾ ਹਾਜ਼ਰ ਸਨ।

Leave a Reply

Your email address will not be published. Required fields are marked *

View in English