View in English:
June 26, 2024 3:44 pm

ਬਾਬਾ ਰਾਮਦੇਵ: ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ ‘ਚ ਫੇਲ, ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹ

ਪਿਥੌਰਾਗੜ੍ਹ : ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੀਆਂ ਮੁਸੀਬਤਾਂ ਘੱਟ ਹੋਣ ਦੇ ਸੰਕੇਤ ਨਹੀਂ ਮਿਲ ਰਹੀਆਂ ਹਨ। ਪਿਥੌਰਾਗੜ੍ਹ, ਉੱਤਰਾਖੰਡ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਇੱਕ ਸਹਾਇਕ ਮੈਨੇਜਰ ਸਮੇਤ ਤਿੰਨ ਲੋਕਾਂ ਨੂੰ ਸੋਨ ਪਾਪੜੀ ਦੇ ਟੈਸਟ ਵਿੱਚ ਫੇਲ ਹੋਣ ਲਈ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਤਿੰਨਾਂ ‘ਤੇ ਜੁਰਮਾਨਾ ਵੀ ਲਗਾਇਆ ਗਿਆ ਹੈ।

17 ਅਕਤੂਬਰ, 2019 ਨੂੰ, ਇੱਕ ਫੂਡ ਸੇਫਟੀ ਇੰਸਪੈਕਟਰ ਨੇ ਪਿਥੌਰਾਗੜ੍ਹ ਦੇ ਬੇਰੀਨਾਗ ਦੇ ਮੁੱਖ ਬਾਜ਼ਾਰ ਵਿੱਚ ਲੀਲਾ ਧਰ ਪਾਠਕ ਦੀ ਦੁਕਾਨ ਦਾ ਦੌਰਾ ਕੀਤਾ, ਜਿੱਥੇ ਪਤੰਜਲੀ ਨਵਰਤਨ ਇਲੈਚੀ ਸੋਨ ਪਾਪੜੀ ਬਾਰੇ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ। ਨਮੂਨੇ ਇਕੱਠੇ ਕੀਤੇ ਗਏ ਅਤੇ ਰਾਮਨਗਰ ਕਾਨ੍ਹਾ ਜੀ ਡਿਸਟ੍ਰੀਬਿਊਟਰ ਦੇ ਨਾਲ-ਨਾਲ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਨੋਟਿਸ ਜਾਰੀ ਕੀਤੇ ਗਏ।

ਇਸ ਤੋਂ ਬਾਅਦ ਉੱਤਰਾਖੰਡ ਦੇ ਰੁਦਰਪੁਰ, ਊਧਮ ਸਿੰਘ ਨਗਰ ਸਥਿਤ ਸਟੇਟ ਫੂਡ ਐਂਡ ਡਰੱਗ ਟੈਸਟਿੰਗ ਲੈਬਾਰਟਰੀ ਵਿਖੇ ਫੋਰੈਂਸਿਕ ਜਾਂਚ ਕਰਵਾਈ ਗਈ। ਦਸੰਬਰ 2020 ਵਿੱਚ, ਰਾਜ ਦੇ ਖੁਰਾਕ ਸੁਰੱਖਿਆ ਵਿਭਾਗ ਨੂੰ ਪ੍ਰਯੋਗਸ਼ਾਲਾ ਤੋਂ ਇੱਕ ਰਿਪੋਰਟ ਮਿਲੀ ਜਿਸ ਵਿੱਚ ਮਠਿਆਈਆਂ ਦੀ ਘਟੀਆ ਗੁਣਵੱਤਾ ਦਾ ਸੰਕੇਤ ਮਿਲਿਆ। ਇਸ ਤੋਂ ਬਾਅਦ ਕਾਰੋਬਾਰੀ ਲੀਲਾ ਧਰ ਪਾਠਕ, ਡਿਸਟ੍ਰੀਬਿਊਟਰ ਅਜੈ ਜੋਸ਼ੀ ਅਤੇ ਪਤੰਜਲੀ ਦੇ ਸਹਾਇਕ ਮੈਨੇਜਰ ਅਭਿਸ਼ੇਕ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।

ਸੁਣਵਾਈ ਤੋਂ ਬਾਅਦ ਅਦਾਲਤ ਨੇ ਤਿੰਨਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਧਾਰਾ 59 ਤਹਿਤ ਕ੍ਰਮਵਾਰ 5,000, 10,000 ਅਤੇ 25,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

ਅਦਾਲਤ ਨੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤਹਿਤ ਆਪਣਾ ਫੈਸਲਾ ਸੁਣਾਇਆ। ਫੂਡ ਸੇਫਟੀ ਅਧਿਕਾਰੀ ਨੇ ਕਿਹਾ, “ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤ ਸਪੱਸ਼ਟ ਤੌਰ ‘ਤੇ ਉਤਪਾਦ ਦੀ ਘਟੀਆ ਗੁਣਵੱਤਾ ਨੂੰ ਦਰਸਾਉਂਦੇ ਹਨ।”

Leave a Reply

Your email address will not be published. Required fields are marked *

View in English