View in English:
June 29, 2025 5:44 pm

ਬਸਤੀ ਗੁਜ਼ਾਂ ’ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ

ਫੈਕਟ ਸਮਾਚਾਰ ਸੇਵਾ

ਜਲੰਧਰ, ਜੂਨ 29

ਨਸ਼ਿਆਂ ਖਿਲਾਫ਼ ਕਾਰਵਾਈ ਨੂੰ ਜਾਰੀ ਰੱਖਦਿਆਂ ਨਗਰ ਨਿਗਮ ਜਲੰਧਰ ਵੱਲੋਂ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਸਹਿਯੋਗ ਨਾਲ ਸ਼ਨੀਵਾਰ ਨੂੰ ਬਸਤੀ ਗੁਜਾਂ ਵਿੱਚ ਇੱਕ ਬਦਨਾਮ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਗਿਆ। ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਗੈਰ-ਕਾਨੂੰਨੀ ਕਬਜ਼ੇ ਢਾਹੁਣ ਦੀ ਚੱਲ ਰਹੀ ਮੁਹਿੰਮ ਤਹਿਤ ਅਧਿਕਾਰੀਆਂ ਵੱਲੋਂ ਉਸਾਰੇ ਗਏ ਕਬਜ਼ੇ ਵਾਲੇ ਢਾਂਚੇ ਨੂੰ ਢਾਹ ਦਿੱਤਾ ਗਿਆ। ਕਬਜ਼ਾ ਢਾਹੁਣ ਦੀ ਕਾਰਵਾਈ ਦੌਰਾਨ ਪੁਲਿਸ ਟੀਮਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਪੁਲਿਸ ਸਹਾਇਤਾ ਮੁਹੱਈਆ ਕਰਵਾਈ ਗਈ।

ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਨੂੰ ਬਦਨਾਮ ਨਸ਼ਾ ਤਸਕਰ ਵਿਸ਼ਾਲ ਉਰਫ਼ ਚੂਚਾ ਵੱਲੋਂ ਇੱਕ ਗੈਰ-ਕਾਨੂੰਨੀ ਉਸਾਰੀ ਬਾਰੇ ਸੂਚਨਾ ਮਿਲੀ ਸੀ। ਜਿਸ ’ਤੇ ਨਗਰ ਨਿਗਮ ਅਤੇ ਪੁਲਿਸ ਟੀਮਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਕਬਜ਼ੇ ਵਾਲੇ ਢਾਂਚੇ ਨੂੰ ਢਾਹ ਦਿੱਤਾ, ਜਿਸ ਨਾਲ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਖ਼ਤ ਸੰਦੇਸ਼ ਗਿਆ ਹੈ ਕਿ ਜਲੰਧਰ ਸ਼ਹਿਰ ਵਿੱਚ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਆਦਤਨ ਅਪਰਾਧੀ ਹੈ, ਜਿਸ ਦੇ ਖਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨ.ਡੀ.ਪੀ.ਐਸ.) ਐਕਟ ਤਹਿਤ ਕੁੱਲ ਚਾਰ ਮਾਮਲੇ ਦਰਜ ਹਨ। ਇਹ ਕਾਰਵਾਈ ਨਸ਼ਾ ਤਸਕਰਾਂ ਦੇ ਵਿੱਤੀ ਨੈੱਟਵਰਕ ਨੂੰ ਖ਼ਤਮ ਕਰਨ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਦਿਸ਼ਾ ’ਚ ਅਹਿਮ ਕਦਮ ਹੈ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਲਗਾਤਾਰ ਤੇਜ਼ੀ ਫੜਦੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੇ ਨਸ਼ਿਆਂ ਨਾਲ ਸਬੰਧਤ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਤਹੱਈਆ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੀਆਂ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਵਿੱਚ ਫਿਲੌਰ ਖੇਤਰ, ਧਨਕੀਆ ਮੁਹੱਲਾ, ਰਾਮਾ ਮੰਡੀ, ਗੜ੍ਹਾ, ਭਾਰਗਵ ਨਗਰ ਅਤੇ ਲੋਹੀਆਂ ਵਿੱਚ ਨਸ਼ਾ ਤਸਕਰਾਂ ਨਾਲ ਸਬੰਧਤ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹੁਣਾ ਸ਼ਾਮਲ ਹੈ।

ਕਮਿਸ਼ਨਰੇਟ ਪੁਲਿਸ ਨੇ ਸਮਾਜ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਆਪਣੀ ਵਚਨਬੱਧਤਾ ਦਹੁਰਾਉਂਦਿਆਂ ਨਾਗਰਿਕਾਂ ਨੂੰ ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਸਰਗਰਮ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ।

Leave a Reply

Your email address will not be published. Required fields are marked *

View in English