View in English:
January 8, 2025 5:39 pm

‘ਬਲੈਕ ਸਪੌਟਸ’ ਕਰਕੇ ਅਜਾਂਈ ਨਹੀਂ ਜਾਣੀ ਚਾਹੀਦੀ ਕਿਸੇ ਰਾਹਗੀਰ ਦੀ ਜਾਨ : ਡਾ. ਪ੍ਰੀਤੀ ਯਾਦਵ

ਫੈਕਟ ਸਮਾਚਾਰ ਸੇਵਾ

ਪਟਿਆਲਾ, ਜਨਵਰੀ 7

ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਦਾਇਤ ਕੀਤੀ ਹੈ ਕਿ ਸੜਕਾਂ ‘ਤੇ ਹਾਦਸਿਆਂ ਵਾਲੇ ਬਣੇ ‘ਬਲੈਕ ਸਪੌਟਸ’ ਕਰਕੇ ਕਿਸੇ ਰਾਹਗੀਰ ਦੀ ਕੀਮਤੀ ਜਾਨ ਅਜਾਂਈ ਨਹੀਂ ਜਾਣੀ ਚਾਹੀਦੀ। ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਸਮੇਤ ਸੜਕਾਂ ਦਾ ਰੱਖ-ਰਖਾਓ ਕਰਦੇ ਵੱਖ-ਵੱਖ ਵਿਭਾਗਾਂ, ਅਤੇ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਸੜਕਾਂ ‘ਤੇ ਹਾਦਸੇ ਹੋਣ ਵਾਲੀਆਂ ਥਾਵਾਂ, ਜਿਨ੍ਹਾਂ ਨੂੰ ਬਲੈਕ ਸਪੌਟ ਕਿਹਾ ਜਾਂਦਾ ਹੈ, ਇਹ ਬਦਲਦੇ ਰਹਿੰਦੇ ਹਨ, ਇਸ ਲਈ ਅਜਿਹੇ ਥਾਵਾਂ ਦੀ ਲਗਾਤਾਰ ਪਛਾਣ ਕਰਕੇ ਇਨ੍ਹਾਂ ਨੂੰ ਠੀਕ ਕਰਨ ਦੀ ਕਾਰਵਾਈ ‘ਚ ਕੋਈ ਕੁਤਾਹੀ ਨਾ ਵਰਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ ਨੂੰ ਕਿਹਾ ਕਿ ਉਹ ਆਪਣੀਆਂ ਸਬ-ਡਵੀਜਨਾਂ ‘ਚ ਸ਼ਹਿਰਾਂ ਦੀਆਂ ਅੰਦਰੂਨੀ ਸੜਕਾਂ ਸਮੇਤ ਪਿੰਡਾਂ ਦੀਆਂ ਸੜਕਾਂ ਦਾ ਮੁਆਇਨਾ ਕਰਨ ਅਤੇ ਹਾਦਸਿਆਂ ਵਾਲੀਆਂ ਥਾਵਾਂ ਦੀ ਪਛਾਣ ਕਰਕੇ ਇਨ੍ਹਾਂ ਦੀ ਮੁਰੰਮਤ ਲਈ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਵ ਹੈ ਕਿ ਰਾਹਗੀਰਾਂ ਨੂੰ ਸੁਰੱਖਿਅਤ ਤੇ ਹਾਦਸੇ ਰਹਿਤ ਸੜਕਾਂ ਮਿਲਣ, ਕਿਉਂਕਿ ਹਾਦਸਿਆਂ ਕਰਕੇ ਮਨੁੱਖੀ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਭਾਗ ਦੀ ਅਣਗਹਿਲੀ ਕਰਕੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜਿੰਮੇਵਾਰੀ ਸਬੰਧਤ ਵਿਭਾਗ ਜਾਂ ਏਜੰਸੀ ਦੀ ਹੋਵੇਗੀ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਧੁੰਦ ਕਰਕੇ ਕਈ ਹਾਦਸੇ ਵਾਪਰਦੇ ਹਨ, ਇਸ ਲਈ ਸੜਕਾਂ ਕਿਨਾਰੇ ਰੇਹੜੀਆਂ ਜਾਂ ਕੋਈ ਹੋਰ ਰੁਕਾਵਟ ਨਾ ਖੜ੍ਹੀ ਹੋਵੇ ਅਤੇ ਸੜਕਾਂ ਦੇ ਕਿਨਾਰੇ ਕੀਤੇ ਨਾਜਾਇਜ਼ ਕਬਜ਼ੇ ਛੁਡਵਾਕੇ ਸੜਕਾਂ ਨੂੰ ਆਵਾਜਾਈ ਲਈ ਸੁਰੱਖਿਅਤ ਕੀਤਾ ਜਾਵੇ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਸੜਕਾਂ ‘ਚ ਟੋਏ ਠੀਕ ਕਰਨ, ਸੜਕਾਂ ਟੁੱਟਣ ਨਾ ਇਸ ਲਈ ਲਗਾਤਾਰ ਮੁਆਇਨਾਂ ਕਰਨ ਸਮੇਤ ਚਿੱਟੀ ਪੱਟੀ, ਕੈਟ ਆਈ ਰਿਫਲੈਕਟਰ, ਝੰਡੇ ਲਗਾਉਣ ਸਮੇਤ ਸਾਇਕਲ, ਰੇਹੜੀਆਂ ਤੇ ਟਰਾਲੀਆਂ ਦੇ ਪਿਛਲੇ ਪਾਸੇ ਰਿਫਲੈਕਟਰ ਲਗਾਉਣ, ਸੜਕਾਂ ਕਿਨਾਰੇ ਲੱਗੇ ਸਾਈਨ ਬੋਰਡ ਠੀਕ ਕਰਨ ਅਤੇ ਸੜਕਾਂ ਦੇ ਕਿਨਾਰੇ ਖੜ੍ਹੇ ਦਰਖ਼ਤਾਂ ਦੀਆਂ ਟਾਹਣੀਆਂ ਛਾਂਗਣ ਦੀ ਵੀ ਹਦਾਇਤ ਕੀਤੀ।
ਡਾ. ਪ੍ਰੀਤੀ ਯਾਦਵ ਨੇ ਸੇਫ ਸਕੂਲ ਵਾਹਨ ਪਾਲਿਸੀ ਲਾਗੂ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਕੂਲ ਖੁੱਲ੍ਹਣ ‘ਤੇ ਸਕੂਲੀ ਬੱਸਾਂ ਦੀ ਸੁਰੱਖਿਅਤ ਆਵਾਜਾਈ ਤੇ ਨਿਯਮ ਲਾਗੂ ਕਰਨੇ ਵੀ ਯਕੀਨੀ ਬਣਾਏ ਜਾਣ। ਉਨ੍ਹਾਂ ਨੇ ਏ.ਡੀ.ਸੀ. ਤੇ ਆਰ.ਟੀ.ਓ. ਨੂੰ ‘ਹਿਟ ਐਂਡ ਰਨ ਮੋਟਰ ਐਕਸੀਡੈਂਟ ਸਕੀਮ-2022 ‘ਚ ਮੁਆਵਜਾ ਦੇ ਕੇਸ ਨਿਪਟਾਉਣ ਲਈ ਵੀ ਕਿਹਾ। ਉਨ੍ਹਾਂ ਨੇ ਪਿਛਲੇ ਦਿਨਾਂ ‘ਚ ਅਖ਼ਬਾਰਾਂ ‘ਚ ਰੋਡ ਸੇਫਟੀ ਬਾਰੇ ਲੱਗੀਆਂ ਵੱਖ-ਵੱਖ ਖ਼ਬਰਾਂ ਦਾ ਵੀ ਨੋਟਿਸ ਲਿਆ ਅਤੇ ਇਨ੍ਹਾਂ ਬਾਬਤ ਸਬੰਧਤ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।
ਮੀਟਿੰਗ ‘ਚ ਏ.ਡੀ.ਸੀ. (ਜ) ਇਸ਼ਾ ਸਿੰਗਲ, ਖੇਤਰੀ ਟਰਾਂਸਪੋਰਟ ਅਫ਼ਸਰ ਨਮਨ ਮੜਕਨ, ਪੀਡੀਏ ਦੇ ਏਸੀਏ ਜਸ਼ਨਪ੍ਰੀਤ ਕੌਰ, ਸਮੂਹ ਐਸ.ਡੀ.ਐਮਜ਼, ਐਨ.ਜੀ.ਓ. ਹਰਸ਼ ਬਲੱਡ ਡੋਨਰਜ ਸੁਸਾਇਟੀ ਦੇ ਮੈਂਬਰ, ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ, ਪੰਜਾਬ ਮੰਡੀ ਬੋਰਡ, ਨਗਰ ਨਿਗਮ ਤੇ ਪੀ.ਡੀ.ਏ. ਨਗਰ ਨਿਗਮ, ਜੰਗਲਾਤ, ਸਿੱਖਿਆ ਵਿਭਾਗ ਆਦਿ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English