View in English:
March 31, 2025 11:24 am

ਬਲਵਿੰਦਰ ਸਿੰਘ ਭੂੰਦੜ ਦੀ ਨਾਰਾਜ਼ ਅਕਾਲੀ ਆਗੂਆਂ ਨੂੰ ਅਪੀਲ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਮਾਰਚ 27

ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਮੁੱਚਾ ਖ਼ਾਲਸਾ ਪੰਥ ਇਸ ਵਕਤ ਇਕ ਬੇਹੱਦ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਹਨ। ਸਾਡੀ ਧਾਰਮਿਕ ਹੋਂਦ, ਵਿਰਸੇ ਅਤੇ ਪਹਿਚਾਣ ਉੱਤੇ ਭਿਆਨਕ ਹਮਲੇ ਹੋ ਰਹੇ ਹਨ । ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਹਰਿਆਣਾ ਤੇ ਹੋਰ ਥਾਵਾਂ ‘ਤੇ ਸਥਿਤ ਸਾਡੀਆਂ ਧਾਰਮਿਕ ਸੰਸਥਾਵਾਂ ਉੱਤੇ ਸਿੱਖ ਵਿਰੋਧੀ ਤਾਕਤਾਂ ਕਬਜ਼ਾ ਕਰ ਚੁੱਕੀਆਂ ਹਨ। ਹੁਣ ਇਹ ਹਮਲੇ ਸ੍ਰੀ ਅੰਮ੍ਰਿਤਸਰ ਸਾਹਿਬ ਸਮੇਤ ਪੰਜਾਬ ਵਿਚ ਸਥਿਤ ਸਾਡੇ ਪਾਵਨ ਅਤੇ ਇਤਿਹਾਸਿਕ ਗੁਰਧਾਮਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਦਹਿਲੀਜ਼ ਤੱਕ ਪਹੁੰਚ ਚੁੱਕੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸੌ ਸਾਲ ਦੌਰਾਨ ਕੇਵਲ ਅਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੀ ਅਣਖ, ਆਬਰੂ ਅਤੇ ਪਹਿਚਾਣ ਉੱਤੇ ਪਹਿਰਾ ਦੇਣ ਲਈ ਜੂਝਦਾ ਆਇਆ ਹੈ। ਅਜਿਹੇ ਵਕਤਾਂ ਦੌਰਾਨ ਗੁਰੂ ਮਹਾਰਾਜ ਜੀ ਨੇ ਖੁਦ ਆਪਣੇ ਪੰਥ ਦੇ ਸਿਰ ’ਤੇ ਮਹਿਰ ਦਾ ਹੱਥ ਰੱਖ ਕੇ ਕੌਮ ਅੰਦਰ ਏਕਤਾ ਅਤੇ ਇਤਫ਼ਾਕ ਦੀ ਦਾਤ ਬਖ਼ਸ਼ੀ ਹੈ । ਉਸੇ ਏਕਤਾ ਸਦਕਾ ਕੌਮ ਤੇ ਪਾਰਟੀ ਨੇ ਇਤਿਹਾਸਿਕ ਜਿੱਤਾਂ ਹਾਸਿਲ ਕੀਤੀਆਂ ਹਨ। ਹਾਲਾਂਕਿ ਸ਼੍ਰੋਮਣੀ ਅਕਾਲ ਦਲ ਦੇ ਵਰਕਰ ਸਾਹਿਬਾਨ ਭਰਤੀ ਦਾ ਅਮਲ ਪੂਰਾ ਕਰ ਚੁੱਕੇ ਹਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਜਥੇਦਾਰ ਸਾਹਿਬ ਇਸ ਭਰਤੀ ਅਤੇ ਉਸ ਲਈ ਲਾਈਆਂ ਗਈਆਂ ਸਮੂਹ ਜ਼ਿੰਮੇਵਾਰੀਆਂ ਨੂੰ ਇਕ ਚੰਗਾ ਕਦਮ ਦੱਸ ਕੇ ਉਸ ਦਾ ਜਨਤਕ ਤੌਰ ਉੱਤੇ ਸਵਾਗਤ ਕਰ ਚੁੱਕੇ ਹਨ, ਫਿਰ ਵੀ ਪੰਜਾਬ ਅਤੇ ਕੌਮ ਨੂੰ ਦਰਪੇਸ਼ ਖਤਰਿਆਂ ਅਤੇ ਸਮੂਹ ਪੰਜਾਬੀਆਂ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਮੈਂ ਸਮੁੱਚੀ ਪਾਰਟੀ ਵਲੋਂ ਸਾਡੇ ਨਾਰਾਜ਼ ਵੀਰਾਂ ਨੂੰ ਕਈ ਵਾਰ ਸਨਿਮਰ ਬੇਨਤੀ ਕੀਤੀ ਸੀ ਕਿ ਪੰਜਾਬ ਦੀ ਇਕੋ-ਇਕ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਵੀ ਪਾਰਟੀ ਦੀ ਨਿਯਮਤ ਭਰਤੀ ਵਿਚ ਯੋਗਦਾਨ ਪਾਓ । ਇਸ ਨਿਯਮਤ ਭਰਤੀ ਲਈ ਲੋੜੀਂਦੀਆਂ ਕਾਪੀਆਂ ਵਗ਼ੈਰਾ ਤੁਹਾਨੂੰ ਦੇਣ ਲਈ ਪਾਰਟੀ ਦਫ਼ਤਰ ਦੇ ਦੁਆਰ ਹਰ ਵਕਤ ਖੁੱਲੇ ਹਨ। ਉਨ੍ਹਾਂ ਕਿਹਾ ਕਿ ਮੈਂ ਇਕ ਵਾਰ ਫਿਰ ਉਹ ਹੀ ਬੇਨਤੀ ਦੁਹਰਾਉਂਦਾ ਹਾਂ। ਆਓ, ਹੁਣ ਬੀਤੇ ਦੀਆਂ ਨਰਾਜ਼ਗੀਆਂ ਭੁੱਲ ਕੇ ਆਪਸੀ ਸਤਿਕਾਰ ਤੇ ਵਿਸ਼ਵਾਸ ਦੀ ਭਾਵਨਾ ਨਾਲ ਇਕੱਠੇ ਹੋ ਕੇ ਪੰਜਾਬ ਦੀ ਵਾਹਿਦ ਨੁਮਾਇੰਦਾ ਤੇ ਖੇਤਰੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ।

Leave a Reply

Your email address will not be published. Required fields are marked *

View in English