ਬਲਜੀਤ ਕੌਰ ਨੇ ਫਾਜ਼ਿਲਕਾ ਪਹੁੰਚ ਕੇ ਖੁਦ ਵੰਡੀ ਰਾਹਤ ਸਮੱਗਰੀ

ਫੈਕਟ ਸਮਾਚਾਰ ਸੇਵਾ

ਫਾਜ਼ਿਲਕਾ , ਅਗਸਤ 31

ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਅੱਜ ਫਾਜ਼ਿਲਕਾ ਜ਼ਿਲੇ ਦੇ ਦੌਰੇ ਦੌਰਾਨ ਪਿੰਡ ਨੂਰ ਸ਼ਾਹ ਨੇੜੇ ਚੰਦ ਭਾਨ ਡਰੇਨ ਦੇ ਕੋਲ ਰਹਿ ਰਹੇ ਹੜ ਪ੍ਰਭਾਵਿਤ ਲੋਕਾਂ ਨੂੰ ਮਿਲ ਕੇ ਆਪਣੇ ਹੱਥੀ ਰਾਹਤ ਸਮਗਰੀ ਉਹਨਾਂ ਨੂੰ ਵੰਡੀ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਵੀ ਉਹਨਾਂ ਦੇ ਨਾਲ ਹਾਜ਼ਰ ਸਨ।

ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ ਪੀੜਤਾਂ ਨੂੰ ਹਰ ਮਦਦ ਮੁਹਈਆ ਕਰਵਾ ਰਹੀ ਹੈ ਅਤੇ ਹੜ ਰਾਹਤ ਕਾਰਜਾਂ ਲਈ ਫੰਡ ਦੀ ਕੋਈ ਘਾਟ ਨਹੀਂ ਹੈ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਹਲਕੇ ਵਿੱਚ ਹੀ 70 ਲੱਖ ਰੁਪਏ ਤੋਂ ਵੱਧ ਦੀ ਰਾਹਤ ਸਮੱਗਰੀ ਦੀ ਵੰਡ ਸਰਕਾਰੀ ਟੀਮਾਂ ਵੱਲੋਂ ਲੋਕਾਂ ਨੂੰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਹੁਣ ਤੱਕ 4558 ਰਾਸ਼ਨ ਕਿੱਟਾਂ ਦੀ ਵੰਡ ਲੋਕਾਂ ਨੂੰ ਕੀਤੀ ਗਈ ਹੈ ਅਤੇ 2017 ਬੈਗ ਕੈਟਲ ਫੀਡ ਵੰਡੀ ਗਈ ਹੈ।ਰਾਹਤ ਕੈਂਪਾਂ ਵਿੱਚ ਵੀ ਲੋਕਾਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਮੁਹਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਉਨਾਂ ਨੇ ਸਰਹੱਦੀ ਲੋਕਾਂ ਦੇ ਹੌਸਲੇ ਦੀ ਦਾਦ ਦਿੰਦਿਆਂ ਕਿਹਾ ਕਿ ਸਰਕਾਰ ਹਰ ਹੀਲੇ ਲੋਕਾਂ ਦੀ ਮਦਦ ਕਰ ਰਹੀ ਹੈ ਅਤੇ ਬਾਰਿਸ਼ ਦਾ ਪਾਣੀ ਘਟਣ ਤੋਂ ਬਾਅਦ ਗਰਦਾਵਰੀ ਕਰਾ ਕੇ ਹਰ ਪ੍ਰਕਾਰ ਦੇ ਨੁਕਸਾਨ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇਗੀ ।
ਇਸ ਤੋਂ ਪਹਿਲਾਂ ਉਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਸਮੇਤ ਵੱਖ-ਵੱਖ ਅਧਿਕਾਰੀਆਂ ਨਾਲ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨਾਂ ਨੇ ਰਾਹਤ ਕਾਰਜਾਂ ਵਿੱਚ ਲੱਗੇ ਵਲੰਟੀਅਰਾਂ ਨਾਲ ਵੀ ਬੈਠਕ ਕੀਤੀ ਅਤੇ ਕਿਹਾ ਕਿ ਇਸ ਮੌਕੇ ਅਸੀਂ ਹੜ ਪੀੜਤਾਂ ਦਾ ਹੌਸਲਾ ਬਣਾਉਣਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਬਿਰਧ ਘਰ ਵੀ ਸਰਕਾਰ ਵੱਲੋਂ ਹੜ ਪੀੜਤ ਬਜ਼ੁਰਗਾਂ ਲਈ ਖੋਲੇ ਗਏ ਹਨ ਅਤੇ ਜੇਕਰ ਹੜ ਪ੍ਰਭਾਵਿਤ ਖੇਤਰਾਂ ਦੇ ਬਜ਼ੁਰਗ ਇੱਥੇ ਆਉਣਾ ਚਾਹੁਣ ਤਾਂ ਉਹਨਾਂ ਨੂੰ ਬਿਰਧ ਘਰਾਂ ਵਿੱਚ ਵੀ ਸੰਭਾਲਿਆ ਜਾਵੇਗਾ। ਇਸੇ ਤਰ੍ਹਾਂ ਦਿਵਿਆਂਗ ਜਨਾਂ ਨੂੰ ਵੀ ਪਹਿਲ ਦੇ ਅਧਾਰ ਤੇ ਹੜ ਪ੍ਰਭਾਵਿਤ ਖੇਤਰਾਂ ਵਿੱਚੋਂ ਬਾਹਰ ਕੱਢਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਿੰਡ ਨੂਰ ਸ਼ਾਹ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਰਾਸ਼ਨ ਕਿੱਟਾਂ ਤੋਂ ਇਲਾਵਾ ਮਹਿਲਾਵਾਂ ਨੂੰ ਸੈਨਟਰੀ ਪੈਡ ਅਤੇ ਮੱਛਰਦਾਨੀਆਂ ਦੀ ਵੰਡ ਵੀ ਕੀਤੀ ।

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਪਰਮਜੀਤ ਸਿੰਘ ਨੂਰ ਸ਼ਾਹ ਜਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ, ਮੀਡੀਆ ਕੋਆਰਡੀਨੇਟਰ ਚਰਨਜੀਤ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਹਾਜ਼ਰ ਸਨ।
ਦੌਰੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ ਅਤੇ ਐਸਡੀਐਮ ਵੀਰਪਾਲ ਕੌਰ, ਤਹਿਸੀਲਦਾਰ ਜਸਪ੍ਰੀਤ ਸਿੰਘ ਦੀ ਹਾਜ਼ਰ ਰਹੇ। ਇਸ ਦੌਰਾਨ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਅਤੇ ਵਿਧਾਇਕ ਨਰਿੰਦਰ ਪਾਲ ਸਿੰਘ ਨੇ ਬੰਨ ਕਿਨਾਰੇ ਹੀ ਹੜ ਪੀੜਤਾਂ ਦੇ ਨਾਲ ਹੀ ਲੰਗਰ ਛਕਿਆ।

Leave a Reply

Your email address will not be published. Required fields are marked *

View in English