View in English:
January 6, 2025 5:50 am

ਬਰਿੰਦਰ ਗੋਇਲ ਵਲੋਂ ਹਲਕਾ ਸ਼ੁਤਰਾਣਾ ‘ਚ ਪੀਣ ਵਾਲੇ ਤੇ ਸਿੰਚਾਈ ਲਈ 70 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੀ ਸ਼ੁਰੂਆਤ

ਫੈਕਟ ਸਮਾਚਾਰ ਸੇਵਾ

ਸ਼ੁਤਰਾਣਾ, ਜਨਵਰੀ 3

ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੀ ਪਹਿਲਕਦਮੀ ਸਦਕਾ ਹਲਕੇ ਵਿੱਚ ਪੀਣ ਲਈ ਤੇ ਸਿੰਚਾਈ ਲਈ ਪਾਣੀ ਟੇਲਾਂ ਤੱਕ ਪੁੱਜਦਾ ਕਰਨ ਲਈ 70 ਕਰੋੜ ਰੁਪਏ ਤੋਂ ਵਧੇਰੇ ਲਾਗਤ ਨਾਲ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ।
ਬਰਿੰਦਰ ਗੋਇਲ ਨੇ ਸ਼ੁਤਰਾਣਾ, ਸਧਾਰਨਪੁਰ ਅਤੇ ਕਲਵਾਣੂ ਵਿਖੇ ਰਸੌਲੀ ਮਾਈਨਰ, ਕਰਮਗੜ੍ਹ ਲਿੰਕ-2 ਕੈਨਾਲ ਸਿਸਟਮ, ਚੋਆ ਲਿੰਕ-2 ਕੈਨਾਲ ਸਿਸਟਮ, ਮਾਈਨਰ ਨੰਬਰ 3, ਮਾਈਨਰ ਨੰਬਰ 5, ਬਿਸ਼ਨਗੜ੍ਹ ਮਾਈਨਰ ਅਤੇ ਅਤਾਲਾਂ ਮਾਈਨਰ ਨੂੰ ਪੱਕੇ ਕਰਨ ਦੇ ਨੀਂਹ ਪੱਥਰ ਰੱਖੇ।ਉਨ੍ਹਾਂ ਨੇ ਲੋਕਾਂ ਨੂੰ ਪਹਿਲਾਂ ਨਾਲੋਂ ਡੇਢ ਗੁਣਾ ਵਧੇਰੇ ਨਹਿਰੀ ਪਾਣੀ ਮਿਲਣ ‘ਤੇ ਵਧਾਈ ਦਿੰਦਿਆਂ ਦੱਸਿਆ ਕਿ ਅਗਲੇ ਦੋ ਮਹੀਨਿਆਂ ਵਿੱਚ ਸਾਰੇ ਕੰਮ ਮੁਕੰਮਲ ਕੀਤੇ ਜਾਣਗੇ ਅਤੇ ਹਲਕੇ ਅੰਦਰ 75000 ਏਕੜ ਤੋਂ ਜ਼ਿਆਦਾ ਰਕਬੇ ਨੂੰ ਝੋਨੇ ਦੇ ਸੀਜ਼ਨ ਵਿੱਚ ਨਹਿਰੀ ਪਾਣੀ ਮਿਲੇਗਾ।ਉਨ੍ਹਾਂ ਦੱਸਿਆ ਕਿ ਇਸ ਨਾਲ ਟਿਊਬਵੈਲ ਬੰਦ ਹੋਣ ਨਾਲ ਬਿਜਲੀ ਤੇ ਧਰਤੀ ਹੇਠਲਾ ਪਾਣੀ ਵੀ ਬਚੇਗਾ। ਜਲ ਸਰੋਤ ਮੰਤਰੀ ਬਰਿੰਦਰ ਗੋਇਲ, ਜਿਨ੍ਹਾਂ ਕੋਲ ਖਨਣ ਤੇ ਜੀਓਲੋਜੀ ਅਤੇ ਜਲ ਤੇ ਭੂਮੀ ਰੱਖਿਆ ਵਿਭਾਗ ਵੀ ਹਨ, ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਟੇਲਾਂ ਤੱਕ ਪਾਣੀ ਪਹੁੰਚਾ ਕੇ ਦਿਨੋ-ਦਿਨ ਡੁੰਘਾ ਹੁੰਦਾ ਜਾ ਰਿਹਾ ਧਰਤੀ ਹੇਠਲਾ ਪਾਣੀ ਬਚਾਇਆ ਹੈ।
ਬਰਿੰਦਰ ਗੋਇਲ ਨੇ ਵਿਧਾਇਕ ਕੁਲਵੰਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਹਲਕੇ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਵਿਧਾਨ ਸਭਾ ਵਿੱਚ ਉਠਾਇਆ ਅਤੇ ਹੱਲ ਕਰਵਾਇਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਪੰਜਾਬ ਦੇ ਹਰ ਖੇਤ ਨੂੰ ਨਹਿਰੀ ਪਾਣੀ ਲੱਗੇਗਾ ਅਤੇ ਅੱਜ ਇਸ ਵਾਅਦੇ ਨੂੰ ਪੂਰਾ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਘੱਗਰ ਦੀ ਸਮੱਸਿਆ ਨੂੰ ਜਿਉਂ ਦਾ ਤਿਉਂ ਰੱਖਿਆ ਪਰ ਮੌਜੂਦਾ ਪੰਜਾਬ ਸਰਕਾਰ ਇਸ ਸਮੱਸਿਆ ਦੇ ਹੱਲ ਲਈ ਪੂਰੀ ਤਰ੍ਹਾਂ ਗੰਭੀਰਤਾ ਨਾਲ ਯਤਨਸ਼ੀਲ ਹੈ।
ਜਲ ਸਰੋਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਸੰਭਾਲ ਲਈ ਆਪਣਾ ਫਰਜ਼ ਨਿਭਾਉਣ ਕਿਉਂਕਿ ਪੰਜਾਬ ਸਰਕਾਰ 2037 ਤੱਕ ਧਰਤੀ ਹੇਠਲੇ ਪਾਣੀ ਦੇ ਖ਼ਤਮ ਹੋਣ ਦੀਆਂ ਭਵਿੱਖਬਾਣੀਆਂ ਦੇ ਮੱਦੇਨਜ਼ਰ ਬਹੁਤ ਸਾਰੀਆਂ ਸਕੀਮਾਂ ਲਾਗੂ ਕਰ ਰਹੀ ਹੈ ਇਸ ਲਈ ਹਰੇਕ ਕਿਸਾਨ ਜ਼ਮੀਨਦੋਜ਼ ਪਾਈਪਾਂ ਦੀਆਂ ਸਰਕਾਰੀ ਸਕੀਮਾਂ ਅਤੇ ਸਬਸਿਡੀਆਂ ਦਾ ਲਾਭ ਲੈ ਕੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਅੱਗੇ ਆਉਣ।ਉਨ੍ਹਾ ਨੇ ਲੋਕਾਂ ਨੂੰ ਦੱਬੀਆਂ ਹੋਈਆਂ ਸਰਕਾਰੀ ਜਮੀਨਾਂ ਛੱਡਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਕੋਈ ਸਹਿਯੋਗ ਨਹੀਂ ਦੇ ਰਹੀ ਜਿਸ ਕਰਕੇ ਨਹਿਰੀ ਪਾਣੀ ਦੇ ਪ੍ਰਾਜੈਕਟ ਸ਼ੁਰੂ ਕਰਨ ਲਈ ਦੇਰੀ ਹੋ ਰਹੀ ਹੈ ਜਦਕਿ ਪੰਜਾਬ ਸਰਕਾਰ ਨੇ ਰਾਜ ਦੇ 85 ਸ਼ਹਿਰਾਂ ਵਿੱਚ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਦੇਣ ਦੇ ਪ੍ਰਾਜੈਕਟ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ‘ਤੇ ਕੇਂਦਰ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਭਰਨ ਦੇ ਸਵਾਲ ਦੇ ਜਵਾਬ ਵਿੱਚ ਕਿਸਾਨਾਂ ਤੇ ਪੰਜਾਬ ਨਾਲ ਦਗਾ ਕਰਨ ਲਈ ਵੀ ਕੇਂਦਰ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਤੇ ਪੰਜਾਬ ਨੂੰ ਬਰਬਾਦ ਕਰਨ ‘ਤੇ ਤੁਲੀ ਹੋਈ ਹੈ।
ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ੁਤਰਾਣਾ ਹਲਕੇ ਤੋਂ ਪੱਛੜੇ ਹੋਣ ਦਾ ਠੱਪਾ ਉਤਾਰਿਆ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਲਕੇ ਦੀਆਂ ਦਹਾਕਿਆਂ ਪੁਰਾਣੀਆਂ ਮੰਗਾਂ ਨੂੰ ਵਿਸਾਰ ਕੇ ਹਲਕੇ ਨੂੰ ਸਦਾ ਹੀ ਅੱਖੋਂ ਪਰੋਖੇ ਕੀਤਾ ਸੀ ਪਰ ਹੁਣ ਸਾਰੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾ ਰਹੇ ਹਨ।
ਇਸ ਮੌਕੇ ਏ.ਡੀ.ਸੀ. (ਜ) ਇਸ਼ਾ ਸਿੰਗਲ, ਐਸ.ਡੀ.ਐਮ ਅਸ਼ੋਕ ਕੁਮਾਰ, ਮਲਕੀਤ ਸਿੰਘ ਪੜਤਾ, ਮਹਿੰਗਾ ਸਿੰਘ ਬਰਾੜ, ਸੁਰੇਸ਼ ਸ਼ਰਮਾ, ਬਲਾਕ ਪ੍ਰਧਾਨ ਬੂਟਾ ਸਿੰਘ ਵਿਰਕ, ਰਣਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਮਦਨ ਲਾਲ ਗੋਇਲ, ਨਹਿਰੀ ਵਿਭਾਗ (ਬੀ.ਐਮ.ਐਲ) ਦੇ ਨਿਗਰਾਨ ਇੰਜੀਨੀਅਰ ਅੰਕਿਤ ਧੀਰ, ਕਾਰਜਕਾਰੀ ਇੰਜੀਨੀਅਰ ਗੁਨਦੀਪ ਸਿੰਘ ਧਾਲੀਵਾਲ, ਐਸ.ਡੀ.ਓ. ਸਵਰਨ ਸਿੰਘ, ਤਹਿਸੀਲਦਾਰ ਹਰਸਿਮਰਨ ਸਿੰਘ ਸਮੇਤ ਇਲਾਕੇ ਦੇ ਪਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English