ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਦਸੰਬਰ 30
ਪਹਾੜਾਂ ਤੋਂ ਆ ਰਹੀਆਂ ਬਰਫੀਲੀਆਂ ਹਵਾਵਾਂ ਨੇ ਮੈਦਾਨੀ ਇਲਾਕਿਆਂ ਵਿੱਚ ਕੰਬਣੀ ਵਧਾ ਦਿੱਤੀ ਹੈ। ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹੈ। ਸੰਘਣੀ ਧੁੰਦ ਕਾਰਨ ਕਈ ਥਾਵਾਂ ‘ਤੇ ਵਿਜ਼ੀਬਿਲਟੀ 50 ਮੀਟਰ ਤੋਂ ਜ਼ੀਰੋ ਤੱਕ ਸੀ। ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਸਵੇਰੇ 9.30 ਵਜੇ ਵਿਜ਼ੀਬਿਲਟੀ 350 ਮੀਟਰ ਰਿਕਾਰਡ ਕੀਤੀ ਗਈ। ਇਸ ਕਾਰਨ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ।
ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਯੂਪੀ ਦੇ ਵਾਰਾਣਸੀ, ਪ੍ਰਯਾਗਰਾਜ, ਬਲੀਆ ਅਤੇ ਫੁਰਸਤਗੰਜ ਵਿੱਚ ਵਿਜ਼ੀਬਿਲਟੀ ਜ਼ੀਰੋ ਰਹੀ। ਆਗਰਾ ਵਿੱਚ ਤਾਜ ਮਹਿਲ ਸੰਘਣੀ ਧੁੰਦ ਵਿੱਚ ਛੁਪ ਗਿਆ। ਪੰਜਾਬ ਦੇ ਪਟਿਆਲਾ ਅਤੇ ਹਰਿਆਣਾ ਦੇ ਅੰਬਾਲਾ ਵਿੱਚ ਵੀ ਵਿਜ਼ੀਬਿਲਟੀ ਜ਼ੀਰੋ ਰਹੀ। ਹਾਲਾਂਕਿ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਕੁਝ ਥਾਵਾਂ ‘ਤੇ ਧੁੱਪ ਨਿਕਲੀ ਅਤੇ ਅਸਮਾਨ ਸਾਫ਼ ਹੋ ਗਿਆ। ਰਾਜਸਥਾਨ ਦੇ ਗੰਗਾਨਗਰ, ਬੀਕਾਨੇਰ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਅਤੇ ਅਜਮੇਰ ਵਿੱਚ ਜ਼ੀਰੋ ਸੀ। ਇਸ ਦੇ ਨਾਲ ਹੀ ਮਾਊਂਟ ਆਬੂ ‘ਚ ਪਾਰਾ ਜ਼ੀਰੋ ‘ਤੇ ਆ ਗਿਆ ਹੈ। ਸੋਮਵਾਰ ਸਵੇਰ ਅਤੇ ਸ਼ਾਮ ਤੱਕ ਪੰਜਾਬ, ਹਰਿਆਣਾ-ਚੰਡੀਗੜ੍ਹ ਅਤੇ ਰਾਜਸਥਾਨ ਦੇ ਕਈ ਸਥਾਨਾਂ ‘ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਉੱਤਰਾਖੰਡ ‘ਚ ਕਈ ਥਾਵਾਂ ‘ਤੇ ਭਾਰੀ ਮੀਂਹ ਪਿਆ।
ਪਹਾੜੀ ਰਾਜਾਂ ਵਿੱਚ ਹਰ ਪਾਸੇ ਬਰਫ਼ ਦੀ ਸਫ਼ੈਦ ਚਾਦਰ ਫੈਲੀ ਹੋਈ ਹੈ। ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਘੱਟੋ-ਘੱਟ ਤਾਪਮਾਨ -8.0 ਡਿਗਰੀ ਸੈਲਸੀਅਸ ਅਤੇ ਗੁਲਮਰਗ ‘ਚ -8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੇਹ, ਲੱਦਾਖ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 11.5 ਡਿਗਰੀ ਤੱਕ ਹੇਠਾਂ ਚਲਾ ਗਿਆ ਹੈ। ਜਦੋਂ ਕਿ ਹਿਮਾਚਲ ਵਿੱਚ ਤੰਬੋ ਵਿੱਚ ਘੱਟੋ-ਘੱਟ ਤਾਪਮਾਨ -12.3 ਡਿਗਰੀ ਅਤੇ ਕੁਕੁਮਸੇਰੀ ਵਿੱਚ -7.0 ਡਿਗਰੀ ਦਰਜ ਕੀਤਾ ਗਿਆ। ਸ਼ਿਮਲਾ ਵਿੱਚ ਤਾਪਮਾਨ 3.4 ਡਿਗਰੀ ਰਿਹਾ।
ਤਿੰਨ ਰਾਸ਼ਟਰੀ ਰਾਜ ਮਾਰਗਾਂ ਤੋਂ ਇਲਾਵਾ ਹਿਮਾਚਲ ‘ਚ 340 ਸੜਕਾਂ ਬੰਦ ਹਨ। ਕਿਨੌਰ, ਲਾਹੌਲ-ਸਪੀਤੀ, ਸ਼ਿਮਲਾ ਅਤੇ ਚੰਬਾ ਵਿੱਚ ਸੈਂਕੜੇ ਵਾਹਨ ਫਸੇ ਹੋਏ ਹਨ। ਅਟਲ ਸੁਰੰਗ ਰੋਹਤਾਂਗ ਅਤੇ ਜਾਲੋਰੀ ਪਾਸ ਵੀ ਬੰਦ ਹਨ। ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦੇ ਉੱਚਾਈ ਵਾਲੇ ਇਲਾਕਿਆਂ ‘ਚ ਲੋਕ ਫਸੇ ਹੋਏ ਹਨ।