View in English:
April 8, 2025 4:57 am

ਬਦਲਦਾ ਪੰਜਾਬ ਪ੍ਰੋਗਰਾਮ ਤਹਿਤ ਕੋਟਕਪੂਰਾ ਵਿਖੇ ਸਕੂਲਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

ਫੈਕਟ ਸਮਾਚਾਰ ਸੇਵਾ

ਕੋਟਕਪੂਰਾ , ਅਪ੍ਰੈਲ 7

“ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਬਦਲਦਾ ਪੰਜਾਬ ਪ੍ਰੋਗਰਾਮ ਤਹਿਤ ਜਿੱਥੇ ਪੂਰੇ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵੱਖ ਵੱਖ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ, ਉੱਥੇ ਹੀ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਪਣੇ ਹਲਕੇ ਕੋਟਕਪੂਰਾ ਵਿਖੇ ਵੱਖ ਵੱਖ ਸਕੂਲਾਂ ਵਿੱਚ ਲੱਖਾਂ ਰੁਪਏ ਨਾਲ ਹੋਏ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਕਿ ਦੇਸ਼ ਦਾ ਭਵਿੱਖ ਬਣਾਉਣ ਲਈ ਬੱਚਿਆ ਦਾ ਭਵਿੱਖ ਬਣਾਇਆ ਜਾਵੇ। ਜਿਸ ਤੇ ਅਮਲ ਕਰਦਿਆਂ ਬੱਚਿਆਂ ਦਾ ਭਵਿੱਖ ਬਣਾਉਣ ਲਈ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਾਕਮਾਲ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ 189 ਬੱਚਿਆਂ ਨੇ ਜੇ.ਈ.ਈ ਦਾ ਟੈਸਟ ਪਾਸ ਕੀਤਾ ਹੈ ਅਤੇ ਹੁਣ ਉਹ ਆਈ.ਆਈ.ਐਮ. ਅਹਿਮਦਾਬਾਦ ਵਿਖੇ ਸਿਖਲਾਈ ਪ੍ਰਾਪਤ ਕਰ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 98 ਪ੍ਰਤੀਸ਼ਤ ਸਕੂਲਾਂ ਦੀ ਚਾਰਦੀਵਾਰੀ ਬਣਾਈ ਜਾ ਚੁੱਕੀ ਹੈ ਅਤੇ ਸਕੂਲਾਂ ਦੀ ਸੁਰੱਖਿਆ ਲਈ 1177 ਚੌਂਕੀਦਾਰ ਭਰਤੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ 1809 ਕੈਂਪਸ ਮੈਨੇਜਰਾਂ ਦੀ ਭਰਤੀ, 9200 ਨਵੀਂ ਕਮਰੇ ਬਣਾਉਣ ਦੇ ਨਾਲ ਨਾਲ 4700 ਕਲਾਸਰੂਮਾਂ ਦੀ ਨਵੀਨੀਕਰਨ ਵੀ ਕੀਤਾ ਗਿਆ ਹੈ।

ਕੁਲਤਾਰ ਸੰਧਵਾਂ ਨੇ ਕਿਹਾ ਕਿ ਇਹ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਧੀਆਂ ਬੁਨਿਆਦੀ ਢਾਂਚੇ ਦਾ ਹੀ ਅਸਰ ਹੈ ਕਿ ਪ੍ਰਾਈਵੇਟ ਸਕੂਲਾਂ ਤੋਂ 9000 ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਚੰਦਰਯਾਨ ਦੇਖਣ ਲਈ ਇਸਰੋ ਦਾ ਦੌਰਾ ਕਰਕੇ ਆਏ ਹਨ, ਜੋ ਕਿ ਬਹੁਤ ਹੀ ਗੋਰਵ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੋਰਡ ਦਾ ਨਤੀਜਾ 92 ਪ੍ਰਤੀਸ਼ਤ ਹੈ ਜੋ ਕਿ ਜਲਦੀ ਹੀ 100 ਪ੍ਰਤੀਸ਼ਤ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੱਚਿਆ ਦੇ ਨਾਲ ਨਾਲ ਅਧਿਆਪਕਾਂ ਨੂੰ ਟਰੇਨਿੰਗ ਲਈ ਸਿੰਘਾਪੁਰ ਅਤੇ ਫਿਨਲੈਂਡ ਭੇਜਿਆ ਗਿਆ ਹੈ, ਜਿਸ ਵਿੱਚ 234 ਪ੍ਰਿੰਸੀਪਲ, 144 ਪ੍ਰਾਇਮਰੀ ਅਧਿਆਪਕ, 150 ਪ੍ਰਿੰਸੀਪਲ ਅਤੇ ਅਧਿਆਪਕ ਸ਼ਾਮਲ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 123216 ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਗਿਆ ਹੈ ਅਤੇ 10487 ਨਵੇਂ ਅਧਿਆਪਕ ਭਰਤੀ ਕੀਤੇ ਗਏ ਹਨ। ਇਸ ਦੇ ਨਾਲ ਨਾਲ ਹੀ ਸਕੂਲਾਂ ਵਿੱਚ 1239 ਨਾਨ ਟੀਚਿੰਗ ਅਮਲੇ ਦੀ ਵੀ ਭਰਤੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਹੁਣ ਰਾਜ ਦੇ ਬਜਟ ਦਾ ਵੱਡਾ ਹਿੱਸਾ ਸਿੱਖਿਆ ਦੇ ਖੇਤਰ ਤੇ ਖਰਚ ਕੀਤਾ ਜਾਵੇਗਾ।

ਉਨ੍ਹਾਂ ਕੋਟਕਪੂਰਾ ਦੇ ਸਕੂਲਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨਾਂਸ ਵਿਖੇ ਲਗਭਗ 60 ਲੱਖ ਰੁਪਏ ਦੀ ਲਾਗਤ ਨਾਲ ਬਣੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਵਿੱਚ 26 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਬਾਊਂਡਰੀ ਵਾਲ, 7.50 ਲੱਖ ਦੀ ਲਾਗਤ ਨਾਲ ਰੂਮ ਦਾ ਨਿਰਮਾਣ, 1.10 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਲੈਬ, 4.72 ਲੱਖ ਦੀ ਲਾਗਤ ਨਾਲ ਨਵੇਂ ਬਾਥਰੂਮ, 70 ਹਜ਼ਾਰ ਰੁਪਏ ਦੀ ਲਾਗਤ ਨਾਲ ਬਾਥਰੂਮ ਰਿਪੇਅਰ. 9.65 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਹੀਰਾ ਸਿੰਘ ਨਗਰ ਵਿਖੇ 7.51 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਕਮਰਿਆਂ ਅਤੇ 30 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਰੈਂਪ ਦਾ ਉਦਘਾਟਨ ਕੀਤਾ ਗਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲਾ ਕੋਟਕੂਪਰਾ (ਲੜਕੇ) ਵਿਖੇ 2.10 ਲੱਖ ਰੁਪਏ ਦੀ ਲਾਗਤ ਨਾਲ ਬਣੀ ਚਾਰਦੀਵਾਰੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪ੍ਰੇਮ ਨਗਰ ਕੋਟਕਪੂਰਾ ਵਿਖੇ 2.63 ਲੱਖ ਰੁਪਏ ਦੀ ਲਾਗਤ ਲੜਕੀਆਂ ਲਈ ਬਾਥਰੂਮ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਦੇ ਨਾਲ ਨਾਲ ਬੀ.ਪੀ.ਈ.ਓ ਦਫਤਰ ਕੋਟਕਪੂਰਾ ਵਿਖੇ ਵੀ 3 ਲੱਖ ਰੁਪਏ ਦੀ ਲਾਗਤ ਨਾਲ ਕੰਮ ਕਰਵਾਇਆ ਗਿਆ ਹੈ।

ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਨਾਮਨਾ ਖੱਟਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਪੀਕਰ ਸੰਧਵਾਂ ਨੇ ਵਿਦਿਆਰਥੀਆਂ ਤੇ ਸਕੂਲ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ ਖਰਚ ਦੇਣ ਦਾ ਵੀ ਐਲਾਨ ਕੀਤਾ।

ਇਸ ਮੌਕੇ ਲੋਕ ਗਾਇਕ ਹਰਿੰਦਰ ਸੰਧੂ ਅਤੇ ਰਾਣਾ ਕੰਮੇਆਣਾ ਨੇ ਸੱਭਿਆਚਾਰਚ ਅਤੇ ਪਰਿਵਾਰਕ ਗੀਤਾਂ ਨਾਲ ਰੰਗ ਬੰਨਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਪੀਕਰ ਸਾਹਿਬ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆ ਨੂੰ 11-11 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ ਗਈ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸ੍ਰੀ ਜਸਬੀਰ ਜੱਸੀ ਜਿਲ੍ਹਾ ਗਾਇਡੈਂਸ ਕੌਂਸਲਰ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰਦੀਪ ਦਿਓੜਾ ਉੱਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰ, ਪਵਨ ਕੁਮਾਰ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਚੇਅਰਮੈਨ ਮਾਰਕਿਟ ਕਮੇਟੀ ਗੁਰਮੀਤ ਸਿੰਘ ਆਰੇਵਾਲਾ, ਅਮਨ ਸੰਧੂ, ਪ੍ਰਿੰਸੀਪਲ ਪੰਨਾ ਲਾਲ, ਪ੍ਰਿੰਸੀਪਲ ਪ੍ਰਭਜੋਤ ਸਿੰਘ ਸਟੇਟ ਐਵਾਰਡੀ, ਪਰਮਿੰਦਰ ਸਿੰਘ ਮੁੱਖ ਅਧਿਆਪਰਕ, ਮਨਦੀਪ ਸਿੰਘ ਮਿੰਟੂ ਗਿੱਲ ਆਮ ਆਦਮੀ ਪਾਰਟੀ, ਹਰਦੀਪ ਸਿੰਘ ਹੈਪੀ,ਤੋਂ ਇਲਾਵਾ ਬਲਾਕ ਪ੍ਰਧਾਨ, ਪੰਚ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

View in English