ਫੈਕਟ ਸਮਾਚਾਰ ਸੇਵਾ
ਬਠਿੰਡਾ , ਜਨਵਰੀ 3
ਪੰਜਾਬ ਵਿੱਚ ਸੀਤ ਲਹਿਰ ਜਾਰੀ ਹੈ। ਧੁੰਦ ਕਾਰਨ ਹਾਦਸਿਆਂ ਦੀਆਂ ਘਟਨਾਵਾਂ ਵਧ ਗਈਆਂ ਹਨ। ਇਸੇ ਦੌਰਾਨ ਅੱਜ ਸਵੇਰੇ ਬਠਿੰਡਾ ਦੇ ਪਿੰਡ ਜੋਧਪੁਰ ਰੁਮਾਣਾ ਨੇੜੇ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿੱਚ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ।
ਸਾਰੇ ਜ਼ਖ਼ਮੀਆਂ ਨੂੰ ਬਠਿੰਡਾ ਦੇ ਏਮਜ਼ ਅਤੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਦੋਵੇਂ ਡਰਾਈਵਰ ਦੇਖ ਨਹੀਂ ਸਕੇ।
ਜ਼ਿਕਰਯੋਗ ਹੈ ਕਿ ਸੰਘਣੀ ਧੁੰਦ ਕਾਰਨ ਬਠਿੰਡਾ-ਰਾਮਾ ਮੰਡੀ ਰੋਡ ‘ਤੇ ਸਵਾਰੀਆਂ ਨਾਲ ਭਰੇ ਇਕ ਨਿੱਜੀ ਕੰਪਨੀ ਦੀ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਏਮਜ਼ ਬਠਿੰਡਾ ਅਤੇ ਸਿਵਲ ਹਸਪਤਾਲ ਬਠਿੰਡਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਬੱਸ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਦਾ ਕਾਰਨ ਗਹਿਰੀ ਧੁੰਦ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਬੰਧਿਤ ਥਾਣੇ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਨਿਊ ਦੀਪ ਕੰਪਨੀ ਦੀ ਬੱਸ ਰਾਮਾ ਮੰਡੀ ਤੋਂ ਬਠਿੰਡਾ ਵੱਲ ਆ ਰਹੀ ਸੀ। ਬਠਿੰਡਾ-ਡੱਬਵਾਲੀ ਸੜਕ ਦੀ ਨਵੀਂ ਉਸਾਰੀ ਕਾਰਨ ਸੜਕ ਦਾ ਇੱਕ ਪਾਸਾ ਬੰਦ ਪਿਆ ਹੈ, ਜਿਸ ਕਾਰਨ ਇੱਕ ਪਾਸੇ ਵਾਹਨ ਆ ਰਹੇ ਹਨ।
ਪਿੰਡ ਗੁਰੂਸਰ ਸੈਣੇਵਾਲਾ ਨੇੜੇ ਸੰਘਣੀ ਧੁੰਦ ਕਾਰਨ ਬਠਿੰਡਾ ਤੋਂ ਡੱਬਵਾਲੀ ਵੱਲ ਜਾ ਰਹੇ ਟਰੱਕ ਅਤੇ ਰਾਮਾਂ ਤੋਂ ਬਠਿੰਡਾ ਵੱਲ ਆ ਰਹੀ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਬੱਸ ਵਿੱਚ ਸਵਾਰ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ 108 ਐਂਬੂਲੈਂਸ ਅਤੇ ਸਹਾਰਾ ਜਨਸੇਵਾ ਟੀਮ ਵੱਲੋਂ ਇਲਾਜ ਲਈ ਬਠਿੰਡਾ ਦੇ ਏਮਜ਼ ਅਤੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਹਾਦਸੇ ‘ਚ ਕਿਸੇ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ। ਕਰੀਬ 12 ਲੋਕ ਏਮਜ਼ ਵਿੱਚ ਦਾਖ਼ਲ ਹਨ, ਜਦੋਂ ਕਿ 8 ਦੇ ਕਰੀਬ ਸਿਵਲ ਹਸਪਤਾਲ ਬਠਿੰਡਾ ਵਿੱਚ ਇਲਾਜ ਅਧੀਨ ਹਨ।