ਫੈਕਟ ਸਮਾਚਾਰ ਸੇਵਾ
ਬਟਾਲਾ , ਅਪ੍ਰੈਲ 2
ਫਿਲੌਰ ‘ਚ ਵਾਪਰੀ ਘਟਨਾ ਤੋਂ ਬਾਅਦ ਬਟਾਲਾ ‘ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਬਟਾਲਾ ਦੇ ਮੀਆਂ ਮੁਹੱਲੇ ‘ਚ ਲੱਗੇ ਭਾਰਤ ਰਤਨ ਬਾਬਾ ਸਾਹਿਬ ਦੇ ਬੁੱਤ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਬੀਤੀ ਰਾਤ ਨੁਕਸਾਨ ਪਹੁੰਚਾਇਆ ਗਿਆ। ਮੀਆਂ ਮਹੱਲਾ ਚੌਂਕ ‘ਚ ਲੱਗੇ ਬੁੱਤ ਦੇ ਇੱਕ ਹੱਥ ਦੀ ਇੱਕ ਉਂਗਲ ਟੁੱਟੀ ਹੋਈ ਹੈ।
ਇਸ ਘਟਨਾ ਦਾ ਪਤਾ ਬੁੱਧਵਾਰ ਸਵੇਰੇ 9 ਵਜੇ ਤੋਂ ਬਾਅਦ ਲੱਗਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਜਿੱਥੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ‘ਚ ਪਹੁੰਚ ਗਿਆ ਹੈ, ਉੱਥੇ ਲੋਕਾਂ ‘ਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਮੌਕੇ ‘ਤੇ ਪੁੱਜੇ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ ਹੈ। ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਇਸ ਘਟਨਾ ਸਬੰਧੀ ਸਵੇਰੇ 9:15 ‘ਤੇ ਸੂਚਨਾ ਮਿਲੀ ਹੈ।ਉਹਨਾਂ ਕਿਹਾ ਕਿ ਆਸ-ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ ਕਿ ਕਿਸ ਨੇ ਬੁੱਤ ਨਾਲ ਛੇੜਖਾਨੀ ਕੀਤੀ ਹੈ।