View in English:
December 25, 2024 11:49 pm

ਫਤਹਿਗੜ੍ਹ ਸਾਹਿਬ ‘ਚ ਸ਼ਹੀਦੀ ਸਭਾ ਅੱਜ ਤੋਂ ਸ਼ੁਰੂ

ਫੈਕਟ ਸਮਾਚਾਰ ਸੇਵਾ

ਫ਼ਤਹਿਗੜ੍ਹ ਸਾਹਿਬ , ਦਸੰਬਰ 25

ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ 3 ਦਿਨਾਂ ਸ਼ਹੀਦੀ ਸਭਾ 25 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ। ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਪਹਿਲੇ ਦਿਨ 25 ਦਸੰਬਰ ਨੂੰ ਸਵੇਰੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਸਵੇਰੇ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਫ਼ਤਹਿਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੰਗਤ ਦੀ ਸਹੂਲਤ ਲਈ ਲਗਭਗ 100 ਮੁਫਤ ਬੱਸਾਂ ਤੇ ਈ. ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ। 6 ਪੁੱਛਗਿੱਛ ਕੇਂਦਰ ਤੇ 5 ਰੈਣ ਬਸੇਰਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪਹਿਲੀ ਵਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ਇੱਕ ਰੈਣ ਬਸੇਰਾ ਸਥਾਪਤ ਕੀਤਾ ਗਿਆ ਹੈ ਜਿਥੇ ਕਿ ਬਜ਼ੁਰਗ, ਔਰਤਾਂ ਤੇ ਬੱਚਿਆਂ ਦੇ ਆਰਾਮ ਕਰਨ ਲਈ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਕਾਸ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਆਮ ਖਾਸ ਬਾਗ ਵਿਖੇ ਇਤਿਹਾਸਕ ਨਾਟਕ “ਜਿੰਦਾਂ ਨਿੱਕੀਆਂ” ਦੀ ਪੇਸ਼ਕਾਰੀ ਕੀਤੀ ਜਾਵੇਗੀ। ਉਨ੍ਹਾਂ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਅਪੀਲ ਕੀਤੀ ਕਿ ਸ਼ਹੀਦੀ ਸਭਾ ਦੌਰਾਨ ਟਰੈਕਟਰਾਂ ਤੇ ਟਰਾਲੀਆਂ ਉੱਤੇ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਨਾ ਚਲਾਏ ਜਾਣ ਤਾਂ ਜੋ ਸੰਗਤ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਲੰਗਰਾਂ ਵਿੱਚ ਪਲਾਸਟਿਕ ਤੋਂ ਬਣੇ ਭਾਂਡਿਆਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਲੰਗਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਲੰਗਰਾਂ ਵਿੱਚ ਲਾਊਡ ਸਪੀਕਰਾਂ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਤ ਦੀ ਸਹੂਲਤ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ ਤੇ ਸੰਗਤ ਦੀ ਸਹੂਲਤ ਵਿੱਚ ਕੋਈ ਕਮੀ ਨਹੀਂ ਆਵੇਗੀ।

ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦੀ ਸਭਾ ਦੌਰਾਨ ਨਿਰਵਿਘਨ ਆਵਾਜਾਈ ਲਈ ਪੂਰੇ ਸ਼ਹਿਰ ਨੂੰ ਵਨ ਵੇਅ ਟਰੈਫਿਕ ਜ਼ੋਨ ਬਣਾਇਆ ਗਿਆ ਹੈ ਤੇ ਸ਼ਹਿਰ ਦੇ ਚਾਰੇ ਪਾਸੇ ਪੈਂਦੀਆਂ ਪ੍ਰਮੁੱਖ ਸੜਕਾਂ ਤੇ ਮੁਫਤ ਪਾਰਕਿੰਗ ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦੀ ਸਭਾ ਦੌਰਾਨ ਮਾੜੇ ਅਨਸਰਾਂ ਤੇ ਤਿੱਖੀ ਨਜ਼ਰ ਰੱਖਣ ਲਈ ਸ਼ਹੀਦੀ ਸਭਾ ਦੇ ਸਮੁੱਚੇ ਏਰੀਏ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਬਣਾਏ ਜਾਣ ਵਾਲੇ 6 ਪੁਲਿਸ ਸਹਾਇਤਾ ਕੇਂਦਰ ਪੁਲਿਸ ਚੌਂਕੀ ਵਾਂਗ ਕੰਮ ਕਰਨਗੇ ਅਤੇ ਜੇਕਰ ਕਿਸੇ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਪੁਲਿਸ ਦੇ ਕਿਸੇ ਵੀ ਵਰਦੀਧਾਰੀ ਮੁਲਾਜ਼ਮ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

View in English