ਫੈਕਟ ਸਮਾਚਾਰ ਸੇਵਾ
ਫਗਵਾੜਾ , ਦਸੰਬਰ 20
ਫਗਵਾੜਾ ਵਿਖੇ ਦੇਰ ਰਾਤ ਹੋਏ ਭਿਆਨਕ ਐਕਸੀਡੈਂਟ ‘ਚ 2 ਵਿਅਕਤੀਆਂ ਦੀ ਦੀ ਮੌਤ ਹੋ ਗਈ ਜਦਕਿ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਲੁਧਿਆਣੇ ਦਾ ਰਹਿਣ ਵਾਲਾ ਦਿਲਪ੍ਰੀਤ ਕੁਝ ਸਾਲਾਂ ਬਾਅਦ ਵਿਦੇਸ਼ ਤੋਂ ਆਪਣੇ ਵਤਨ ਆ ਰਿਹਾ ਸੀ। ਉਸ ਦੇ ਪਰਿਵਾਰਿਕ ਮੈਂਬਰ ਅਮ੍ਰਿਤਸਰ ਏਅਰਪੋਰਟ ਤੋਂ ਲੈ ਕੇ ਜਦੋਂ ਵਾਪਿਸ ਲੁਧਿਆਣਾ ਜਾ ਰਹੇ ਸਨ ਤਾਂ ਫਗਵਾੜਾ ਦੇ ਫਲਾਈ ਓਵਰ ‘ਤੇ ਉਨ੍ਹਾਂ ਦੀ ਕਾਰ ਨੂੰ ਗੰਨਿਆ ਦੀ ਭਰੀ ਟਰਾਲੀ ਦੀ ਫੇਟ ਵੱਜ ਗਈ ਫੇਟ ਵੱਜਣ ਕਾਰਨ ਉਨ੍ਹਾਂ ਦੀ ਕਾਰ ਪਿੱਛਿਓਂ ਆ ਰਹੇ ਟਰੱਕ ਦੀ ਲਪੇਟ ‘ਚ ਆ ਗਈ। ਜਿਸ ਕਾਰਨ ਵਿਦੇਸ਼ ਤੋਂ ਆਏ ਦਿਲਪ੍ਰੀਤ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਕਾਰ ਚਾਲਕ ਜਗਦੀਸ਼ ਮਸੀਹ ਹਸਪਤਾਲ ‘ਚ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਗਿਆ।
ਇਸ ਹਾਦਸੇ ਚ ਦਿਲਪ੍ਰੀਤ ਦੀ ਮਾਤਾ ਗੁਰਿੰਦਰ ਕੌਰ ਬੁਰੀ ਤਰ੍ਹਾਂ ਜਖਮੀ ਹੋ ਗਈ ਜੋ ਕਿ ਹਸਪਤਾਲ ਚ ਜ਼ੇਰੇ ਇਲਾਜ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਸਾਰ ਥਾਣਾ ਸਿਟੀ ਪੁਲਿਸ ਦੇ ਐਸ ਐਚ ੳ ਅਮਨਦੀਪ ਨਾਹਰ, ਏ ਐੱਸ ਆਈ ਪਰਮਜੀਤ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।