ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ , ਜੁਲਾਈ 22
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਮੌਕੇ ਵੱਖਰਾ ਸਰਕਾਰੀ ਸਮਾਗਮ ਕਰਵਾਉਣ ਦੇ ਐਲਾਨ ‘ਤੇ ਸਖ਼ਤ ਇਤਰਾਜ਼ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਸਿੱਖ ਸੰਗਠਨਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਸ਼ਤਾਬਦੀ ਸਮਾਗਮ ਕਰਵਾਉਣ ਦੀ ਹੱਕਦਾਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰਾਂ ਦਾ ਕੰਮ ਸੰਗਤ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ, ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨਾ ਨਹੀਂ ਹੈ।
ਉਦਾਹਰਣ ਦਿੰਦੇ ਹੋਏ ਧਾਮੀ ਨੇ ਕਿਹਾ ਕਿ ਪਹਿਲਾਂ ਵੀ ਸ਼ਤਾਬਦੀਆਂ ਮੌਕਿਆਂ ‘ਤੇ, ਸ਼ਤਾਬਦੀ ਸਮਾਗਮ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਹਨ ਅਤੇ ਸਰਕਾਰਾਂ ਨੇ ਸਿਰਫ ਪ੍ਰਬੰਧਕੀ ਸਹਾਇਤਾ ਦਿੱਤੀ ਹੈ। ਜਿਵੇਂ ਬਿਹਾਰ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ‘ਤੇ ਸਾਰੇ ਪ੍ਰਬੰਧਾਂ ਵਿੱਚ ਸਹਿਯੋਗ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਪੰਜਾਬ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਨੂੰ “ਵ੍ਹਾਈਟ ਸਿਟੀ” ਵਿੱਚ ਬਦਲਣ, ਟੈਂਟ ਸਿਟੀ ਸਥਾਪਤ ਕਰਨ ਜਾਂ ਹੋਰ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਯੋਜਨਾ ਬਣਾਉਂਦੀ ਹੈ, ਤਾਂ ਸ਼੍ਰੋਮਣੀ ਕਮੇਟੀ ਇਸ ਦਾ ਸਵਾਗਤ ਕਰੇਗੀ। ਪਰ ਧਾਰਮਿਕ ਸਮਾਗਮਾਂ ਵਿੱਚ ਮੁਕਾਬਲਾ ਜਾਂ ਸਮਾਨਾਂਤਰ ਸਮਾਗਮ ਕਿਸੇ ਵੀ ਹਾਲਤ ਵਿੱਚ ਸਵੀਕਾਰਯੋਗ ਨਹੀਂ ਹਨ।
ਜਥੇਦਾਰ ਗੜਗੱਜ ਦੀ CM Mann ਨੂੰ ਸਲਾਹ- ਸ਼ਤਾਬਦੀਆਂ ਦੇ ਸਮਾਗਮ ਮਨਾਉਣ ਤੋਂ ਪਹਿਲਾਂ ਕੇਸਾਂ ਦੀ ਬੇਅਦਬੀ ਬੰਦ ਕਰ ਕੇ ਹੋਣ ਅੰਮ੍ਰਿਤਧਾਰੀ
ਐਡਵੋਕੇਟ ਧਾਮੀ ਨੇ ਦੁਹਰਾਇਆ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਪ੍ਰਮੁੱਖ ਨੁਮਾਇੰਦਿਆਂ ਨੂੰ ਸ਼ਤਾਬਦੀ ਸਮਾਗਮਾਂ ਵਿੱਚ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਹਿਯੋਗੀ ਭੂਮਿਕਾ ਨਿਭਾਏ ਅਤੇ ਬੇਲੋੜਾ ਵਿਵਾਦ ਪੈਦਾ ਨਾ ਕਰੇ।