ਪੰਜਾਬ ਸਰਕਾਰ ਵੱਲੋਂ “ਦਿ ਇੰਗਲਿਸ਼ ਐੱਜ” ਪ੍ਰੋਗਰਾਮ ਸ਼ੁਰੂ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ, ਅਕਤੂਬਰ 29

ਸੂਬੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨਾਲ ‘ਦਿ ਇੰਗਲਿਸ਼ ਐੱਜ-ਲਰਨ ਸਮਾਰਟ, ਸਪੀਕ ਸ਼ਾਰਪ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਅੰਗਰੇਜ਼ੀ ਸੰਚਾਰ ਹੁਨਰਾਂ ਨਾਲ ਲੈਸ ਕੀਤਾ ਜਾਵੇਗਾ।

ਹਰਜੋਤ ਬੈਂਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਇਹ ਵੱਕਾਰੀ ਪ੍ਰੋਗਰਾਮ ਪੰਜਾਬ ਦੇ 500 ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ 3 ਲੱਖ ਵਿਦਿਆਰਥੀਆਂ ਨੂੰ ਸਿੱਖਿਅਤ ਬਣਾਉਣ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਆਤਮ ਵਿਸ਼ਵਾਸ ਨਾਲ ਅੰਗਰੇਜ਼ੀ ਬੋਲਣ, ਪੜ੍ਹਨ ਅਤੇ ਸੋਚਣ ਦੇ ਹੁਨਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਦੀ ਰੋਜ਼ਗਾਰਯੋਗਤਾ ਅਤੇ ਵਿਸ਼ਵ ਪੱਧਰ ਤੱਕ ਪਹੁੰਚ ਨੂੰ ਵਧਾਇਆ ਜਾ ਰਿਹਾ ਹੈ।

ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਬਦਲਾਵ ਲਿਆਉਣ ਵਾਲੇ ‘ਪੰਜਾਬ ਸਿੱਖਿਆ ਕ੍ਰਾਂਤੀ’ ਨੂੰ ਇੱਕ ਮੀਲ ਪੱਥਰ ਦੱਸਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪ੍ਰੋਗਰਾਮ ਸਕੂਲ ਵਿੱਚ ਡਿਜ਼ੀਟਲ ਰਿਡਿੰਗ ਨੂੰ ਘਰ ‘ਚ ਬੋਲਣ ਦੇ ਅਭਿਆਸ ਨਾਲ ਜੋੜਦਾ ਹੈ। ਇਸ ਗਾਈਡਡ ਰੀਡਿੰਗ, ਉਚਾਰਨ ਸਹਾਇਕ ਅਤੇ ਰੋਜ਼ਾਨਾ 10 -10 ਮਿੰਟਾਂ ਦੇ ਅਭਿਆਸ ਸੈਸ਼ਨਾਂ ਰਾਹੀਂ, ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿੱਚ ਸਮਝਣ ਅਤੇ ਬੋਲਣ ਦੀ ਰਵਾਨਗੀ ਨੂੰ ਵਧਾਉਣ ਵਿੱਚ ਮਦਦ ਕਰਦਿਆਂ ਇਸ ਭਾਸ਼ਾ ‘ਚ ਉੱਤਮਤਾ ਪ੍ਰਾਪਤ ਕਰਨ ਸਹਾਈ ਹੋਵੇਗਾ। ਇਹ ਪ੍ਰੋਗਰਾਮ ਕਲਾਸਰੂਮ ਸਿਖਲਾਈ ਨੂੰ ਡਿਜ਼ੀਟਲ ਤਕਨਾਲੋਜੀ ਨਾਲ ਜੋੜਦਾ ਹੈ ਤਾਂ ਜੋ ਅੰਗਰੇਜ਼ੀ ਸਿਖਲਾਈ ਨੂੰ ਵਧੇਰੇ ਅਨੰਦਮਈ, ਸਮਾਵੇਸ਼ੀ ਅਤੇ ਵਿਹਾਰਕ ਬਣਾਇਆ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲ ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਇੰਗਲਿਸ਼ ਹੈਲਪਰ ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ ਹੈ, ਜੋ ਕਿ ਇੱਕ ਗਲੋਬਲ ਐਡਟੈਕ ਸੰਸਥਾ ਹੈ ਜਿਸਨੇ ਅੰਗਰੇਜ਼ੀ ਮੁਹਾਰਤ ਅਤੇ ਇਸ ਵਿੱਚ ਆਤਮ ਵਿਸ਼ਵਾਸ ਨੂੰ ਬਿਹਤਰ ਬਣਾਉਣ ਲਈ ਕਈ ਭਾਰਤੀ ਸੂਬਿਆਂ ਵਿੱਚ ਕੰਮ ਕੀਤਾ ਹੈ।

ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਜਿੱਥੇ ਮਾਤ ਭਾਸ਼ਾ ਬੱਚੇ ਦੇ ਵਿਕਾਸ ਦੀ ਨੀਂਹ ਰੱਖਦੀ ਹੈ, ਉੱਥੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਵਿਸ਼ਵਵਿਆਪੀ ਮੌਕਿਆਂ ਨੂੰ ਖੋਲ੍ਹਣ ਵਿੱਚ ਸਹਾਈ ਹੁੰਦੀ ਹੈ। ਅੱਜ ਦੇ ਬਦਲਦੇ ਤੇਜ਼ ਰਫ਼ਤਾਰ ਸੰਸਾਰ ਵਿੱਚ ਸਫ਼ਲਤਾ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਵਾਸਤੇ ਅਸੀਂ ‘ਦਿ ਇੰਗਲਿਸ਼ ਐਜ’ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ, ਜੋ ਭਾਸ਼ਾ ਦੇ ਪਾੜੇ ਨੂੰ ਪੂਰਨ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ਦੇ ਸਮਰੱਥ ਬਣਾਉਣ ਵਾਸਤੇ ਤਿਆਰ ਕੀਤਾ ਜਾ ਸਕੇ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀ ਪ੍ਰਤਿਭਾ ਅਤੇ ਸੰਭਾਵਨਾਵਾਂ ਨਾਲ ਭਰਪੂਰ ਹਨ। ਇਹ ਪ੍ਰੋਗਰਾਮ ਉੱਦਮਤਾ ਮਾਨਸਿਕਤਾ ਪਾਠਕ੍ਰਮ, ਨਸ਼ਾ ਮੁਕਤੀ ਪਾਠਕ੍ਰਮ ਅਤੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਵਰਗੇ ਚੱਲ ਰਹੇ ਸੁਧਾਰਾਂ ਦਾ ਪੂਰਕ ਹੈ ਅਤੇ ਇਹ ਪ੍ਰੋਗਰਾਮ ਪੰਜਾਬ ਦੇ ਕਲਾਸਰੂਮਾਂ ਨੂੰ ਸਿਰਜਣਾਤਮਕਤਾ, ਸੰਚਾਰ ਅਤੇ ਆਲੋਚਨਾਤਮਕ ਸੋਚ ਦੇ ਕੇਂਦਰ ਬਣਾਉਣ ਲਈ ਤਿਆਰ ਕੀਤੇ ਗਏ ਹਨ।

ਉਨਾਂ ਕਿਹਾ ਕਿ ਇਹ ਪ੍ਰਮੁੱਖ ਪ੍ਰੋਗਰਾਮ ਹਰੇਕ ਬੱਚੇ ਨੂੰ ਅੰਗਰੇਜ਼ੀ ਵਿੱਚ ਵਿਸ਼ਵਾਸ ਨਾਲ ਬੋਲਣ ਲਈ ਮਨੋਬਲ ਪ੍ਰਦਾਨ ਕਰੇਗਾ। ਇਹ ਪ੍ਰੋਗਰਾਮ ਸਿਰਫ਼ ਭਾਸ਼ਾ ਦੇ ਹੁਨਰ ਬਾਰੇ ਨਹੀਂ, ਸਗੋਂ ਪੰਜਾਬ ਦੇ ਭਵਿੱਖ ਦੇ ਨਵੇਂ ਰਾਹਾਂ ਨੂੰ ਖੋਲ੍ਹਣ ਬਾਰੇ ਵੀ ਹੈ। ਉਹਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਰਕਾਰੀ ਸਕੂਲਾਂ ਦੇ ਹਰੇਕ ਬੱਚੇ ਨੂੰ ਵਿਸ਼ਵ ਪੱਧਰ ‘ਤੇ ਸਫ਼ਲਤਾ ਹਾਸਲ ਕਰਨ ਲਈ ਹੋਰਨਾਂ ਬੱਚਿਆਂ ਦੇ ਬਰਾਬਰ ਦਾ ਵਿਸ਼ਵਾਸ ਅਤੇ ਯੋਗਤਾ ਪ੍ਰਦਾਨ ਕਰਨਾ ਹੈ।

ਪੰਜਾਬ ਸਰਕਾਰ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸ੍ਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਟੈਗਲਾਈਨ “ਲਰਨ ਸਮਾਰਟ, ਸਪੀਕ ਸ਼ਾਰਪ” ਪ੍ਰੋਗਰਾਮ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਦਲਦੇ ਵਿਸ਼ਵ ਨਾਲ ਵਿਕਸਤ ਹੋਣ, ਸੁਤੰਤਰ ਤੌਰ ‘ਤੇ ਸੋਚਣ ਅਤੇ ਜੀਵਨ ਦੇ ਹਰ ਖੇਤਰ ਵਿੱਚ ਵਿਸ਼ਵਾਸ ਨਾਲ ਸੰਚਾਰ ਕਰਨ ਵਿੱਚ ਮਦਦ ਕੀਤੀ ਜਾ ਸਕੇ। ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸੰਪੂਰਨ ਸਿੱਖਿਆ ਕ੍ਰਾਂਤੀ ਪ੍ਰਤੀ ਪੰਜਾਬ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਆਪਣੇ ਨੌਜਵਾਨਾਂ ਨੂੰ ਭਾਸ਼ਾ ਦੀ ਸ਼ਕਤੀ ਨਾਲ ਸਸ਼ਕਤ ਬਣਾ ਕੇ, ਸੂਬਾ ਆਪਣੀ ਸਭ ਤੋਂ ਕੀਮਤੀ ਸੰਪਤੀ ਆਪਣੇ ਬੱਚਿਆਂ ਵਿੱਚ ਭਰਪੂਰ ਨਿਵੇਸ਼ ਕਰ ਰਿਹਾ ਹੈ। ਇਹ ਪਹਿਲਕਦਮੀ ਉੱਚ ਸਿੱਖਿਆ ਅਤੇ ਵਿਸ਼ਵਵਿਆਪੀ ਪੱਧਰ ‘ਤੇ ਅਥਾਹ ਮੌਕੇ ਖੋਲ੍ਹੇਗੀ ਅਤੇ ਪੰਜਾਬ ਦੀ ਪ੍ਰਤਿਭਾ ਸਿਰਫ਼ ਸਥਾਨਕ ਹੀ ਨਹੀਂ, ਸਗੋਂ ਵਿਸ਼ਵਵਿਆਪੀ ਪੱਧਰ ‘ਤੇ ਉਜਾਗਰ ਕਰਨਾ ਯਕੀਨੀ ਬਣਾਏਗੀ।

ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ ਇੱਕ ਸੰਪੂਰਨ ਸਿੱਖਣ ਪਹੁੰਚ ‘ਤੇ ਕੇਂਦ੍ਰਤ ਹੈ, ਜੋ ਰੱਟਾ ਲਗਾਉਣ ਦੇ ਰਿਵਾਇਤ ਤੋਂ ਹੱਟ ਕੇ ਤਰਕਸ਼ੀਲ ਸੋਚ, ਸਪਸ਼ਟ ਪ੍ਰਗਟਾਵੇ ਅਤੇ ਵਿਹਾਰਕ ਸੰਚਾਰ ਹੁਨਰਾਂ ਨੂੰ ਉਤਸ਼ਾਹਿਤ ਕਰਦਾ ਹੈ।

Leave a Reply

Your email address will not be published. Required fields are marked *

View in English