ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਨੇ ਪ੍ਰਸਿੱਧ ਚਿੱਤਰਕਾਰ ਗੋਬਿੰਦਰ ਸੋਹਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਫੈਕਟ ਸਮਾਚਾਰ ਸੇਵਾ

ਪਟਿਆਲਾ, ਨਵੰਬਰ 16

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਚਿੱਤਰਕਾਰ ਗੋਬਿੰਦਰ ਸੋਹਲ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦਾ ਬੀਤੇ ਦਿਨੀ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।

ਸਪੀਕਰ ਸੰਧਵਾਂ ਨੇ ਸੋਗ ਵਿੱਚ ਡੁੱਬੇ ਪਰਿਵਾਰ ਦੇ ਨਿਵਾਸ ਸਥਾਨ ‘ਤੇ ਜਾ ਕੇ ਸੋਹਲ ਦੀ ਪਤਨੀ ਸ਼੍ਰੀਮਤੀ ਸੀਮਾ ਸੋਹਲ, ਪੁੱਤਰ ਅੰਗਦ ਸੋਹਲ, ਧੀ ਸੀਰਤ ਸੋਹਲ ਅਤੇ ਹੋਰ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਇੱਕ ਸ਼ਾਨਦਾਰ ਕਲਾਤਮਕ ਪ੍ਰਤਿਭਾ ਗੁਆ ਦਿੱਤੀ ਹੈ, ਜਿਸਦਾ ਕਲਾ ਦੀ ਦੁਨੀਆ ਵਿੱਚ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਵਿਛੜੀ ਆਤਮਾ ਦੀ ਸਦੀਵੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗੋਬਿੰਦਰ ਸੋਹਲ ਦੀ ਕਲਾਤਮਕ ਯਾਤਰਾ ਨੇ ਪੰਜਾਬ ਲਈ ਬਹੁਤ ਮਾਣ ਵਧਾਇਆ ਹੈ ਅਤੇ ਕਲਾਕਾਰਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦਾ ਬੇਵਕਤ ਚਲਾਣਾ ਕਲਾ ਦੀ ਦੁਨੀਆ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਸਪੀਕਰ ਸੰਧਵਾਂ ਨੇ ਦੱਸਿਆ ਕਿ ਲਲਿਤ ਕਲਾ ਦੇ ਖੇਤਰ ਵਿੱਚ ਇੱਕ ਪ੍ਰਸਿੱਧ ਨਾਮ, ਗੋਬਿੰਦਰ ਸੋਹਲ ਨੇ ਨਾਰਵੇ ਦੀ ਓਸਲੋ ਯੂਨੀਵਰਸਿਟੀ ਤੋਂ ਲਲਿਤ ਕਲਾ ਵਿੱਚ ਆਪਣੀ ਡਿਗਰੀ ਪੂਰੀ ਕੀਤੀ। ਉਨ੍ਹਾਂ ਕਿਹਾ ਕਿ ਸੋਹਲ ਨਾਲ ਉਨ੍ਹਾਂ ਦੀ ਨਿੱਜੀ ਸਾਂਝ ਰਹੀ ਹੈ ਅਤੇ ਇਸ ਚਿੱਤਰਕਾਰ ਨੇ ਆਪਣੇ ਪੂਰੇ ਕਰੀਅਰ ਦੌਰਾਨ ਬਹੁਤ ਸਤਿਕਾਰ ਅਤੇ ਮਾਨਤਾ ਪ੍ਰਾਪਤ ਕੀਤੀ, ਜਿਸ ਵਿੱਚ ਪੰਜਾਬ ਰਾਜ ਪੁਰਸਕਾਰ, ਫਖਰ-ਏ-ਕੌਮ, ਰਾਸ਼ਟਰੀ ਪੁਰਸਕਾਰ (ਗੋਆ), ਅੰਤਰਰਾਸ਼ਟਰੀ ਪੁਰਸਕਾਰ (ਨਾਰਵੇ), ਪਟਿਆਲਾ ਰਤਨ, ਪੰਜਾਬ ਰਤਨ, ਕਲਾ ਰਤਨ, ਅਤੇ ਲਾਈਫਟਾਈਮ ਅਚੀਵਮੈਂਟ ਅਵਾਰਡ ਸਮੇਤ ਕਈ ਵੱਕਾਰੀ ਸਨਮਾਨ ਪ੍ਰਾਪਤ ਕੀਤੇ। ਉਨ੍ਹਾਂ ਨੇ ਕਿਹਾ ਕਿ ਗੋਬਿੰਦਰ ਸੋਹਲ ਦੀਆਂ ਸ਼ਾਹਕਾਰ ਪੇਂਟਿੰਗਾਂ, ਭਗਤ ਸਿੰਘ ਵਲੋਂ ਬ੍ਰਿਟਿਸ਼ ਅਫਸਰ ਦੀ ਉਡੀਕ, ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ, ਭਾਈ ਘਨਈਆ, ਮਿਲਖਾ ਸਿੰਘ, ਮੇਜਰ ਧਿਆਨ ਚੰਦ, ਦੁਰਗਾ ਮਾਤਾ, ਅਤੇ ਹੋਰ ਬਹੁਤ, ਨੇ ਕਲਾ ਪ੍ਰੇਮੀਆਂ ‘ਤੇ ਇੱਕ ਅਮਿੱਟ ਛਾਪ ਛੱਡੀ ਹੈ।

ਜਿਕਰਯੋਗ ਹੈ ਕਿ ਗੋਬਿੰਦਰ ਸੋਹਲ ਦੀ ਕਲਾਤਮਕ ਵਿਰਾਸਤ ਪੰਜਾਬ ਤੋਂ ਵੀ ਬਾਹਰ ਬਹੁਤ ਦੂਰ ਤੱਕ ਫੈਲੀ ਹੋਈ ਹੈ। ਉਸ ਦੀਆਂ ਰਚਨਾਵਾਂ ਸਭਰਾਵਾਂ, ਖਡੂਰ ਸਾਹਿਬ, ਗਵਾਲੀਅਰ, ਨਾਨਕ ਦਰਬਾਰ (ਨਾਰਵੇ), ਓਨਟਾਰੀਓ ਖਾਲਸਾ ਦਰਬਾਰ (ਕੈਨੇਡਾ), ਦੇ ਨਾਲ-ਨਾਲ ਜਰਮਨੀ ਅਤੇ ਆਸਟ੍ਰੇਲੀਆ ਦੇ ਅਜਾਇਬ ਘਰਾਂ ਸਮੇਤ ਪ੍ਰਮੁੱਖ ਅਜਾਇਬ ਘਰਾਂ ਨੂੰ ਸਜਾ ਰਹੀਆਂ ਹਨ।
ਉਸ ਦੀਆਂ ਪੇਂਟਿੰਗਾਂ ਨਿੱਜੀ ਸੰਗ੍ਰਹਿ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੇ ਡਰਾਇੰਗ ਰੂਮਾਂ ਵਿੱਚ ਵੀ ਪ੍ਰਦਰਸ਼ਿਤ ਹਨ। ਉਸ ਦੇ ਕੰਮ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਨਾਰਵੇ ਦੇ ਰਾਜੇ ਦਾ ਚਿੱਤਰ ਹੈ ਜਿਸਨੂੰ ਇੱਕ ਪੰਜਾਬੀ ਰਾਜੇ ਵਜੋਂ ਦਰਸਾਇਆ ਗਿਆ ਹੈ, ਜੋ ਕਿ ਰਾਜੇ ਦੇ ਨਿੱਜੀ ਅਜਾਇਬ ਘਰ ਨੂੰ ਸ਼ਿੰਗਾਰ ਰਹੀ ਹੈ।ਅੱਜ ਪਿੰਡ ਬਾਰਨ ਦੇ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਵਿਖੇ ਗੋਬਿੰਦਰ ਸੋਹਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਾਬਕਾ ਡੀਪੀਆਰਓ ਉਜਾਗਰ ਸਿੰਘ ਸਮੇਤ ਪੀਏ ਮਨਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *

View in English