ਸਿਨੇਮਾ ਹਾਲ ‘ਚ ਸਕ੍ਰੀਨਿੰਗ ਨਹੀਂ ਰੱਖੀ ਗਈ
ਪਟਿਆਲਾ, ਬਠਿੰਡਾ : ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਪਟਿਆਲਾ ‘ਚ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਖ ਜਥੇਬੰਦੀਆਂ ਨੇ ਸ਼ੁੱਕਰਵਾਰ ਨੂੰ ਫਿਲਮ ਦੀ ਰਿਲੀਜ਼ ਦੇ ਦਿਨ ਹੀ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਵਿਰੋਧ ਕਾਰਨ ਸ਼ਹਿਰ ਦੇ ਦੋ ਵੱਡੇ ਸਿਨੇਮਾ ਹਾਲਾਂ ਵਿੱਚ ਫਿਲਮ ਦੀ ਸਕ੍ਰੀਨਿੰਗ ਰੱਦ ਕਰਨੀ ਪਈ।
ਪਿੰਡ ਚੌੜਾ ਵਿੱਚ ਸਥਿਤ ਪੀਵੀਆਰ ਮਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਮੈਂਬਰ ਇਕੱਠੇ ਹੋਏ ਅਤੇ ਫਿਲਮ ਦੀ ਸਕ੍ਰੀਨਿੰਗ ਦਾ ਵਿਰੋਧ ਕੀਤਾ। ਇਸੇ ਤਰ੍ਹਾਂ ਪ੍ਰਦਰਸ਼ਨਕਾਰੀਆਂ ਨੇ ਓਮੈਕਸ ਮਾਲ ਸਥਿਤ ਸਿਨੇਮਾ ਹਾਲ ਵਿਖੇ ਵੀ ਧਰਨਾ ਦਿੱਤਾ। ਦੋਵਾਂ ਸਿਨੇਮਾ ਹਾਲਾਂ ਦੇ ਪ੍ਰਬੰਧਕਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਫਿਲਮ ਦੀ ਸਕ੍ਰੀਨਿੰਗ ਰੱਦ ਕਰਨੀ ਪਈ।
ਫਿਲਮ ‘ਐਮਰਜੈਂਸੀ’ ਭਾਰਤ ਦੇ ਇਤਿਹਾਸ ਦੇ ਇੱਕ ਮਹੱਤਵਪੂਰਨ ਦੌਰ ਨੂੰ ਦਰਸਾਉਂਦੀ ਹੈ, ਜਿਸ ਵਿੱਚ ਕੰਗਨਾ ਰਣੌਤ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਹਾਲਾਂਕਿ ਸਥਾਨਕ ਸਿੱਖ ਜਥੇਬੰਦੀਆਂ ਨੇ ਫਿਲਮ ਦੇ ਕੁਝ ਦ੍ਰਿਸ਼ਾਂ ਅਤੇ ਪੇਸ਼ਕਾਰੀ ‘ਤੇ ਇਤਰਾਜ਼ ਜਤਾਇਆ ਹੈ।
ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਅੱਜ ਬਠਿੰਡਾ ਵਿੱਚ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਫਿਲਮ ਦਾ ਸਖ਼ਤ ਵਿਰੋਧ ਕਰਦਿਆਂ ਸਿਨੇਮਾਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਫਿਲਮ ਵਿੱਚ ਸਿੱਖ ਕੌਮ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਵਿਰੋਧ ਦੇ ਮੱਦੇਨਜ਼ਰ ਬਠਿੰਡਾ ਦੇ ਮਿੱਤਲ ਮਾਲ ਸਮੇਤ ਹੋਰ ਸਿਨੇਮਾਘਰਾਂ ਵਿੱਚ ਫਿਲਮ ਦੀ ਸਕ੍ਰੀਨਿੰਗ ਰੱਦ ਕਰ ਦਿੱਤੀ ਗਈ। ਸਿਨੇਮਾ ਪ੍ਰਬੰਧਕ ਰਣਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਕਰਵਾਈਆਂ ਗਈਆਂ ਸਾਰੀਆਂ ਆਨਲਾਈਨ ਬੁਕਿੰਗਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਕੰਗਨਾ ਰਣੌਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਸਥਿਤੀ ਨੂੰ ਦੇਖਦੇ ਹੋਏ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਸਿਨੇਮਾ ਪ੍ਰਬੰਧਕਾਂ ਨੇ ਸਿੱਖ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਕਿਸੇ ਵੀ ਹਾਲਤ ਵਿੱਚ ਫਿਲਮ ਨਹੀਂ ਦਿਖਾਉਣਗੇ। ਵਰਨਣਯੋਗ ਹੈ ਕਿ ਫਿਲਮ ‘ਐਮਰਜੈਂਸੀ’ ਅੱਜ ਦੇਸ਼ ਭਰ ਵਿੱਚ ਰਿਲੀਜ਼ ਹੋਣ ਦੇ ਬਾਵਜੂਦ ਸਿੱਖ ਭਾਈਚਾਰੇ ਦੇ ਵਿਰੋਧ ਕਾਰਨ ਬਠਿੰਡਾ ਵਿੱਚ ਇਸ ਦੀ ਪਰਦਰਸ਼ਨ ਨਹੀਂ ਹੋ ਸਕੀ।