ਪੰਜਾਬ ਪੁਲਿਸ ਵਲੋਂ ਦੋ ਨਾਬਾਲਗਾਂ ਸਮੇਤ ਚਾਰ ਕਾਬੂ, ਦੋ ਪਿਸਤੌਲ ਬਰਾਮਦ

ਫੈਕਟ ਸਮਾਚਾਰ ਸੇਵਾ

ਪਠਾਨਕੋਟ, ਅਗਸਤ 27

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਪਠਾਨਕੋਟ ਨੇ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਇੱਕ ਸੰਗਠਿਤ ਅਪਰਾਧ ਮਾਡਿਊਲ ਦੇ ਦੋ ਨਾਬਾਲਗਾਂ ਸਮੇਤ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਸੂਬੇ ਵਿੱਚ ਮਿੱਥ ਕੇ ਕਤਲ ਦੀ ਵਾਰਦਾਤ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਵਿਸ਼ਾਲ ਮਸੀਹ ਉਰਫ਼ ਦਾਨਾ ਵਾਸੀ ਪਖੋਕੇ ਟਾਹਲੀ, ਬਟਾਲਾ ਅਤੇ ਵਿਸ਼ਾਲ ਵਿਲੀਅਮ ਵਾਸੀ ਪਿੰਡ ਪਖੋਕੇ ਮਹਿਮਰਨ, ਗੁਰਦਾਸਪੁਰ ਸਮੇਤ ਦੋ ਨਾਬਾਲਗਾਂ ਜਿਹਨਾਂ ਨੂੰ ਪਿੰਡ ਸਲੀਮਪੁਰ ਅਫ਼ਗਾਨਾ, ਗੁਰਦਾਸਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ .30 ਬੋਰ ਸਟਾਰ ਮਾਰਕ ਪਿਸਤੌਲਾਂ ਸਮੇਤ ਛੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ ਅਧਾਰਤ ਗੈਂਗਸਟਰਾਂ ਨਿਸ਼ਾਨ ਸਿੰਘ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਮਾਨ ਉਰਫ਼ ਹਨੀ ਅਤੇ ਸੱਜਨ ਮਸੀਹ ਉਰਫ਼ ਗੋਰੂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ ਹੋਰ ਅਪਰਾਧਿਕ ਗਤੀਵਿਧੀਆਂ ਬਾਰੇ ਵੀ ਅਹਿਮ ਸੁਰਾਗ ਮਿਲੇ ਹਨ। ਏਆਈਜੀ ਸੀਆਈ ਪਠਾਨਕੋਟ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨਾਬਾਲਗਾਂ ਵਿੱਚੋਂ ਇੱਕ ਸਾਜਨ ਮਸੀਹ ਦਾ ਚਚੇਰਾ ਭਰਾ ਹੈ ਅਤੇ ਸਾਜਨ ਦੇ ਇਸ਼ਾਰਿਆਂ ‘ਤੇ ਹਥਿਆਰਾਂ, ਵਿਸਫੋਟਕ ਪਦਾਰਥਾਂ ਆਦਿ ਨੂੰ ਲੈਜਾਣ ਦਾ ਕੰਮ ਕਰਦਾ ਸੀ। ਜ਼ਿਕਰਯੋਗ ਹੈ ਕਿ ਸਾਜਨ ਮਸੀਹ ਉਰਫ਼ ਗੋਰੂ ਭਗੌੜਾ ਅਪਰਾਧੀ ਹੈ ਅਤੇ ਸਤੰਬਰ 2023 ਵਿੱਚ ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ਵਿੱਚ ਦਰਜ ਇਰਾਦਾ ਕਤਲ ਅਤੇ ਅਸਲਾ ਐਕਟ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਆਪਣੀ ਗ੍ਰਿਫ਼ਤਾਰੀ ਉਪਰੰਤ, ਸਾਜਨ ਨੇ ਗੁਰਦਾਸਪੁਰ ਜੇਲ੍ਹ ਵਿੱਚ ਲਗਭਗ ਦੋ ਮਹੀਨੇ ਬਿਤਾਏ ਅਤੇ ਜ਼ਮਾਨਤ ਮਿਲਣ ਤੋਂ ਬਾਅਦ, ਉਹ ਭਾਰਤ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨਾਬਾਲਗਾਂ ਵਿੱਚੋਂ ਇੱਕ ਨੇ ਜਨਵਰੀ 2024 ਵਿੱਚ ਡੇਰਾ ਬਾਬਾ ਨਾਨਕ ਦੇ ਹਰਦੀਪ ਸਿੰਘ, ਜਿਸਦਾ ਬਾਅਦ ਵਿੱਚ ਕਤਲ ਕਰ ਦਿੱਤਾ ਗਿਆ ਸੀ, ਦੀ ਰੇਕੀ ਕੀਤੀ ਸੀ। ਇਸ ਉਪਰੰਤ ਨਾਬਾਲਗ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਅਤੇ ਬਾਲ ਸੁਧਾਰ ਘਰ ਤੋਂ ਰਿਹਾਅ ਹੋਣ ਤੋਂ ਬਾਅਦ, ਉਸਨੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਦੁਬਾਰਾ ਸ਼ੁਰੂ ਕਰ ਦਿੱਤੀਆਂ।

ਦੱਸਣਯੋਗ ਹੈ ਕਿ 14 ਅਗਸਤ, 2025 ਨੂੰ, ਗ੍ਰਿਫ਼ਤਾਰ ਮੁਲਜ਼ਮ ਵਿਸ਼ਾਲ ਮਸੀਹ, ਗ੍ਰਿਫ਼ਤਾਰ ਕੀਤੇ ਗਏ ਇੱਕ ਨਾਬਾਲਗ ਨਾਲ ਹੁਸ਼ਿਆਰਪੁਰ ਦੇ ਟਾਂਡਾ ਗਿਆ ਅਤੇ ਹੁਸ਼ਿਆਰਪੁਰ ਵਿੱਚ ਇੱਕ ਪ੍ਰਾਪਰਟੀ ਡੀਲਰ ‘ਤੇ ਗੋਲੀਆਂ ਚਲਾਈਆਂ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਹ ਵਾਰਦਾਤ ਵੀ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ‘ਤੇ ਕੀਤੀ ਗਈ ਸੀ।

ਏਆਈਜੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਸ਼ਾਲ ਮਸੀਹ ਨੇ ਨਾਬਾਲਗਾਂ ਵਿੱਚੋਂ ਇਕ ਦੇ ਨਾਲ ਮਿਲ ਕੇ ਸੱਜਨ ਦੇ ਨਿਰਦੇਸ਼ਾਂ ‘ਤੇ ਬੰਗਾ ਦੇ ਇੱਕ ਵਿਅਕਤੀ ਦੀ ਰੇਕੀ ਵੀ ਕੀਤੀ ਸੀ ਅਤੇ ਜਦੋਂ ਉਹ ਉਸ ਵਿਅਕਤੀ ਦੇ ਕਤਲ ਨੂੰ ਅੰਜ਼ਾਮ ਦੇਣ ਜਾ ਰਹੇ ਸਨ ਉਦੋਂ ਹੀ ਸੀਆਈ ਪਠਾਨਕੋਟ ਦੀ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਐਫਆਈਆਰ ਨੰਬਰ 47 ਮਿਤੀ 25.08.2025 ਨੂੰ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 61(2) ਤਹਿਤ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *

View in English