View in English:
January 10, 2025 5:23 pm

ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ 4 ਵਿਅਕਤੀ ਗ੍ਰਿਫਤਾਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਜਨਵਰੀ 10

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸਾਈਬਰ ਕ੍ਰਾਈਮ ਵਿਰੁੱਧ ਜਾਰੀ ਜੰਗ ਦੌਰਾਨ, ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ‘ਤੇ ਭੁਗਤਾਨ ਸਬੰਧੀ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ। ਦੱਸਣਯੋਗ ਹੈ ਕਿ ਉਕਤ ਮੁਲਜ਼ਮ ਕਿਸਾਨਾਂ ਨੂੰ ਕੀਤੀ ਗਈ ਫ਼ਸਲ ਦੀ ਅਦਾਇਗੀ ਨੂੰ ਆਪਣੇ ਖਾਤਿਆਂ ਵਿੱਚ ਟਰਾਂਸਫਰ ਕਰਨ ਦੇ ਅਪਰਾਧ ਵਿੱਚ ਸ਼ਾਮਲ ਸਨ। ਇਹ ਜਾਣਕਾਰੀ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸਾਈਬਰ ਕ੍ਰਾਈਮ ਡਿਵੀਜ਼ਨ ਵੀ. ਨੀਰਜਾ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਨੀਸ਼, ਜਸਵੀਰ ਸਿੰਘ, ਅੰਗਰੇਜ ਸਿੰਘ ਅਤੇ ਬਲਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਧੋਖਾਧੜੀ ਕਰਨ ਲਈ ਵਰਤੇ ਗਏ ਡਿਜੀਟਲ ਉਪਕਰਨ ਅਤੇ ਰਾਊਟਰ ਵੀ ਬਰਾਮਦ ਕਰ ਲਏ ਹਨ। ਏਡੀਜੀਪੀ ਵੀ ਨੀਰਜਾ ਨੇ ਦੱਸਿਆ ਕਿ ਉਕਤ ਮੁਲਜ਼ਮ ਅਤਿ-ਆਧੁਨਿਕ ਢੰਗ ਤਰੀਕਿਆਂ ਦੀ ਮਦਦ ਨਾਲ ਕਿਸਾਨਾਂ ਦੇ ਮੋਬਾਈਲ ਨੰਬਰਾਂ ਨੂੰ ਆਪਣੇ ਮੋਬਾਈਲ ਨੰਬਰਾਂ ਨਾਲ ਬਦਲ ਕੇ ਕਿਸਾਨਾਂ ਦੇ ਖਾਤਿਆਂ ਵਿੱਚ ਆਉਣ ਵਾਲੀ ਫ਼ਸਲ ਦੀ ਅਦਾਇਗੀ ਨੂੰ ਧੋਖੇ ਨਾਲ ਆਪਣੇ ਖਾਤਿਆਂ ਵਿੱਚ ਟਰਾਂਸਫ਼ਰ ਕਰਦੇ ਸਨ ਅਤੇ ਫਿਰ ਕੰਮ ਹੋਣ ਉਪਰੰਤ ਕਿਸਾਨਾਂ ਦੇ ਬੈਂਕ ਖਾਤੇ ਦੀ ਜਾਣਕਾਰੀ ਨੂੰ ਅਪਡੇਟ ਕਰ ਦਿੰਦੇ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਆਪਣੇ ਇਸ ਅਪਰਾਧ ਦਾ ਪਰਦਾਫਾਸ਼ ਹੋਣ ਤੋਂ ਬਚਣ ਲਈ ਉਕਤ ਮੁਲਜ਼ਮ ਭੁਗਤਾਨ ਦੀ ਪ੍ਰਕਿਰਿਆ ਤੋਂ ਤੁਰੰਤ ਬਾਅਦ ਖਾਤੇ ਦੇ ਅਸਲ ਵੇਰਵੇ ਬਹਾਲ ਕਰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਘੁਟਾਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਫੜਨ ਲਈ ਸੂਬਾ ਪੱਧਰੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਪੰਜਾਬ ਤੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਵਿੱਚ ਇਹ ਸਾਹਮਣੇ ਆਇਆ ਕਿ ਕੁਝ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ, 2024 ਦੌਰਾਨ ਆਪਣੀਆਂ ਫਸਲਾਂ ਦੀ ਅਦਾਇਗੀ ਪ੍ਰਾਪਤ ਨਹੀਂ ਹੋਈ। ਇਸ ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਕਿ ਇਨ੍ਹਾਂ ਕਿਸਾਨਾਂ ਨੂੰ ਕੀਤੀ ਗਈ ਅਦਾਇਗੀ ਵੱਖ-ਵੱਖ ਵਿਅਕਤੀਆਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਈ ਹੈ।

ਏਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਆਈਪੀ ਰਿਕਾਰਡ ਅਤੇ ਹੋਰ ਡੇਟਾ ਅਤੇ ਬੈਂਕ ਖਾਤਿਆਂ ਸਬੰਧੀ ਜਾਣਕਾਰੀ ਨੂੰ ਖੰਗਾਲਿਆ ਗਿਆ, ਜਿਸ ਵਿੱਚ ਅਨਾਜ ਖਰੀਦ ਪੋਰਟਲ ਤੱਕ ਅਣਅਧਿਕਾਰਤ ਪਹੁੰਚ ਅਤੇ ਧੋਖਾਧੜੀ ਨਾਲ ਵੱਖ-ਵੱਖ ਖਾਤਿਆਂ ਵਿੱਚ ਫ਼ਸਲਾਂ ਦੀ ਅਦਾਇਗੀ ਟਰਾਂਸਫਰ ਕੀਤੇ ਜਾਣ ਬਾਰੇ ਖੁਲਾਸਾ ਹੋਇਆ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜ਼ਿਲ੍ਹਾ ਐਸਏਐਸ ਨਗਰ ਤੋਂ ਫਰਜ਼ੀ ਪਛਾਣ ‘ਤੇ ਇੱਕ ਮੋਬਾਈਲ ਨੰਬਰ ਅਤੇ ਇੱਕ ਮੋਬਾਈਲ ਉਪਕਰਨ ਖਰੀਦਿਆ ਗਿਆ ਸੀ, ਜਿਸਦੀ ਵਰਤੋਂ ਅਨਾਜ ਖਰੀਦ ਪੋਰਟਲ ‘ਤੇ ਕਿਸਾਨਾਂ ਦੇ ਬੈਂਕ ਖਾਤਿਆਂ ਨਾਲ ਛੇੜਛਾੜ ਕਰਨ ਵਾਸਤੇ ਓਟੀਪੀ ਪ੍ਰਾਪਤ ਕਰਨ ਲਈ ਕੀਤੀ ਗਈ ਸੀ ਅਤੇ ਇਹ ਗਿਰੋਹ ਸ੍ਰੀ ਮੁਕਤਸਰ ਸਾਹਿਬ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਆਪਣਾ ਕੰਮ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਪੋਰਟਲ ਤੱਕ ਅਣਅਧਿਕਾਰਤ ਪਹੁੰਚ ਕਰਨ ਅਤੇ ਕਿਸਾਨਾਂ ਦੇ ਬੈਂਕ ਰਿਕਾਰਡ ਨੂੰ ਬਦਲਣ ਦੇ ਉਦੇਸ਼ ਨਾਲ ਮੁਲਜ਼ਮਾਂ ਨੇ ਇੰਟਰਨੈਟ ਕਨੈਕਸ਼ਨ ਵੀ ਲਿਆ ਹੋਇਆ ਸੀ।

ਏਡੀਜੀਪੀ ਵੀ ਨੀਰਜਾ ਨੇ ਕਿਹਾ ਕਿ ਇੰਸਪੈਕਟਰ ਜੁਝਾਰ ਸਿੰਘ, ਇੰਸਪੈਕਟਰ ਦੀਪਕ ਭਾਟੀਆ ਅਤੇ ਐਸਆਈ ਰਣਜੀਤ ਦੀ ਅਗਵਾਈ ਵਾਲੀਆਂ ਸਾਈਬਰ ਕ੍ਰਾਈਮ ਡਿਵੀਜ਼ਨ ਦੀਆਂ ਤਿੰਨ ਟੀਮਾਂ ਨੇ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਓਐਸਆਈਐਨਟੀ ਤਕਨੀਕਾਂ ਦੀ ਵਰਤੋਂ ਕੀਤੀ, ਜਿਸ ਦੇ ਆਧਾਰ ‘ਤੇ ਜ਼ਿਲ੍ਹਾ ਮੋਗਾ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖੇਤਰਾਂ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਕਿਹਾ ਕਿ ਹੋਰਨਾਂ ਵਿਅਕਤੀਆਂ ਦੀ ਸ਼ਮੂਲੀਅਤ ਬਾਰੇ ਪਤਾ ਲਗਾਉਣ ਲੱ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਮੰਡੀ ਬੋਰਡ ਜਾਂ ਖੁਰਾਕ ਸਪਲਾਈ ਵਿਭਾਗ ਦੇ ਕਿਸੇ ਵੀ ਮੁਲਾਜ਼ਮ ਅਤੇ ਆੜਤੀਆਂ ਦੀ ਮਿਲੀਭੁਗਤ ਨੂੰ ਰੱਦ ਨਾ ਕਰਦਿਆਂ ਕਿਹਾ ਕਿ ਇਹ ਹੋ ਸਕਦਾ ਹੈ ਕਿ ਮੁਲਾਜ਼ਮਾਂ ਵੱਲੋਂ ਘੁਟਾਲੇ ਦੇ ਮਾਸਟਰਮਾਈਂਡਾਂ ਨਾਲ ਅਨਾਜ ਖਰੀਦ ਪੋਰਟਲ ਬਾਰੇ ਸੰਵੇਦਨਸ਼ੀਲ ਅਤੇ ਤਕਨੀਕੀ ਖਾਮੀਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 318(4), 336(2), 336(3), 338 340(2) ਅਤੇ 61(2) ਅਤੇ ਆਈਟੀ ਐਕਟ ਦੀ ਧਾਰਾ 66ਸੀ ਅਤੇ 66ਡੀ ਤਹਿਤ ਥਾਣਾ ਸਟੇਟ ਸਾਈਬਰ ਕ੍ਰਾਈਮ, ਪੰਜਾਬ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *

View in English