View in English:
September 15, 2024 10:24 am

ਪੰਜਾਬ ਨੇ 30-ਲੱਖ ਪਸ਼ੂਧਨ ਦੇ ਮਸਨੂਈ ਗਰਭਧਾਨ ਦਾ ਟੀਚਾ ਮਿੱਥਿਆ : ਖੁੱਡੀਆਂ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਸਤੰਬਰ 2

ਸੂਬੇ ਵਿੱਚ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕਰਕੇ ਦੁੱਧ ਦੇ ਉਤਪਾਦਨ ਅਤੇ ਪਸ਼ੂਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਸੂਬੇ ਭਰ ਵਿੱਚ ਸਾਲਾਨਾ 30 ਲੱਖ ਦੁਧਾਰੂ ਪਸ਼ੂਆਂ ਦੇ ਮਸਨੂਈ ਗਰਭਧਾਰਨ ਦਾ ਟੀਚਾ ਮਿੱਥਿਆ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਵਿੱਚ ਨਾਭਾ ਅਤੇ ਰੋਪੜ ਵਿਖੇ ਦੋ ਸੀਮਨ ਸਟੇਸ਼ਨ ਹਨ। ਉਨ੍ਹਾਂ ਦੱਸਿਆ ਕਿ ਪਸ਼ੂਧਨ ਦੀ ਜੈਨੇਟਿਕ ਗੁਣਾਂ ਨੂੰ ਬਿਹਤਰ ਬਣਾਉਣ ਵਾਸਤੇ ਚੰਗੀ ਗੁਣਵੱਤਾ ਦੇ ਵੀਰਜ ਉਤਪਾਦਨ ਲਈ ਨਾਭਾ ਦੇ ਏ-ਗਰੇਡ ਸੀਮਨ ਸਟੇਸ਼ਨ ‘ਤੇ ਕੁੱਲ 93 ਸਾਨ੍ਹ (ਬੁੱਲਜ਼) ਰੱਖੇ ਗਏ ਹਨ। ਇਨ੍ਹਾਂ ਵਿੱਚ 60 ਮੁਰ੍ਹਾ ਨਸਲ ਦੇ ਸਾਨ੍ਹ, 10 ਨੀਲੀ ਰਾਵੀ ਨਸਲ ਦੇ ਸਾਨ੍ਹ, 7 ਹੋਲਸਟਾਈਨ ਫ੍ਰੀਜ਼ੀਅਨ (ਐਚ.ਐਫ.), 4 ਐਚ.ਐਫ. ਕਰਾਸ, 3 ਜਰਸੀ ਅਤੇ 9 ਸਾਹੀਵਾਲ ਨਸਲ ਦੇ ਸਾਨ੍ਹ ਸ਼ਾਮਲ ਹਨ। ਇਸੇ ਤਰ੍ਹਾਂ ਰੋਪੜ ਦੇ ਬੀ-ਗਰੇਡ ਸੀਮਨ ਸਟੇਸ਼ਨ ‘ਤੇ ਕੁੱਲ 46 ਸਾਨ੍ਹ ਰੱਖੇ ਗਏ ਹਨ। ਇਨ੍ਹਾਂ ਵਿੱਚ 26 ਮੁਰ੍ਹਾ ਨਸਲ ਦੇ ਅਤੇ 8 ਨੀਲੀ ਰਾਵੀ ਨਸਲ ਦੇ ਸਾਨ੍ਹਾਂ ਤੋਂ ਇਲਾਵਾ 4 ਹੋਲਸਟੀਨ ਫ੍ਰੀਜ਼ੀਅਨ (ਐਚ.ਐਫ.), 1 ਐਚ.ਐਫ. ਕਰਾਸ ਅਤੇ 7 ਸਾਹੀਵਾਲ ਨਸਲ ਦੇ ਬੁੱਲਜ਼ ਹਨ।

ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨੀਲੀ ਰਾਵੀ ਲਈ ਪੈਡੀਗਿਰੀ ਸਿਲੈਕਸ਼ਨ ਅਤੇ ਮੁਰ੍ਹਾ ਤੇ ਸਾਹੀਵਾਲ ਲਈ ਪ੍ਰੋਜਨੀ ਟੈਸਟਿੰਗ (ਪੀ.ਟੀ) ਪ੍ਰਾਜੈਕਟ ਸ਼ੁਰੂ ਕੀਤੇ ਹਨ। ਇਹ ਪ੍ਰਾਜੈਕਟ ਰਾਸ਼ਟਰੀ ਗੋਕੁਲ ਮਿਸ਼ਨ ਤਹਿਤ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐਨ.ਡੀ.ਡੀ.ਬੀ.) ਰਾਹੀਂ ਮੁਰ੍ਹਾ, ਸਾਹੀਵਾਲ ਅਤੇ ਨੀਲੀ ਰਾਵੀ ਨਸਲਾਂ ਦੇ ਜੈਨੇਟਿਕ ਗੁਣਾਂ ਨੂੰ ਸੁਧਾਰਨ ‘ਤੇ ਕੇਂਦਰਿਤ ਹਨ।
ਉਨ੍ਹਾਂ ਨੇ ਦੱਸਿਆ ਕਿ ਪੀ.ਟੀ.-ਮੁਰ੍ਹਾ ਪ੍ਰਾਜੈਕਟ ਪਟਿਆਲਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਹੈ ਜਦੋਂਕਿ ਪੀ.ਟੀ.-ਸਾਹੀਵਾਲ ਪ੍ਰਾਜੈਕਟ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਲਾਗੂ ਹੈ। ਇਸਦੇ ਨਾਲ ਹੀ ਪੀ.ਐਸ.-ਨੀਲੀ ਰਾਵੀ ਪ੍ਰਾਜੈਕਟ ਪੰਜਾਬ ਦੇ ਅੰਮ੍ਰਿਤਸਰ, ਤਰਨ ਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਲਾਗੂ ਹੈ।

ਉਨ੍ਹਾਂ ਅੱਗੇ ਦੱਸਿਆ ਕਿ 2019-26 ਤੱਕ ਇਨ੍ਹਾਂ ਪ੍ਰਾਜੈਕਟਾਂ ਦਾ ਕੁੱਲ ਵਿੱਤੀ ਖਰਚ ਲਗਭਗ 57 ਕਰੋੜ ਰੁਪਏ ਹੈ, ਜਿਸ ਵਿੱਚੋਂ 28.5 ਕਰੋੜ ਰੁਪਏ ਪੀ.ਟੀ.- ਮੁਰ੍ਹਾ ਲਈ, 20.88 ਕਰੋੜ ਰੁਪਏ ਪੀ.ਟੀ.- ਸਾਹੀਵਾਲ ਲਈ ਅਤੇ 7.55 ਕਰੋੜ ਰੁਪਏ ਪੀ.ਐਸ.-ਨੀਲੀ ਰਾਵੀ ਪ੍ਰਾਜੈਕਟ ਲਈ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਨ੍ਹਾਂ ਪ੍ਰਾਜੈਕਟਾਂ ਤਹਿਤ ਕੁੱਲ 25.8 ਕਰੋੜ ਰੁਪਏ ਦੇ ਫੰਡਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ ਸੂਬੇ ਦੇ ਇਨ੍ਹਾਂ ਚੋਣਵੇਂ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਭਲਾਈ ਲਈ 16.25 ਕਰੋੜ ਰੁਪਏ ਪੀ.ਟੀ.-ਮੁਰ੍ਹਾ, 6.89 ਕਰੋੜ ਰੁਪਏ ਪੀ.ਟੀ.-ਸਾਹੀਵਾਲ ਅਤੇ 2.66 ਕਰੋੜ ਰੁਪਏ ਪੀ.ਐਸ.-ਨੀਲੀ ਰਾਵੀ ਪ੍ਰਾਜੈਕਟਾਂ ਅਧੀਨ ਵਰਤੇ ਗਏ ਹਨ। ਇਨ੍ਹਾਂ ਪ੍ਰਾਜੈਕਟਾਂ ਅਧੀਨ 2019 ਤੋਂ ਹੁਣ ਤੱਕ ਕੁੱਲ 419 ਮੁਰ੍ਹਾ ਨਸਲ, 194 ਸਾਹੀਵਾਲ ਨਸਲ ਅਤੇ 19 ਨੀਲੀ ਰਾਵੀ ਨਸਲ ਦੇ ਚੰਗੇ ਜੈਨੇਟਿਕ ਗੁਣਾਂ ਵਾਲੇ ਝੋਟੇ/ਵੱਛੇ (ਕਾਲਵਜ਼) ਖਰੀਦੇ ਗਏ ਹਨ।

ਮਜ਼ਬੂਤ ਨਿਗਰਾਨ ਅਤੇ ਰਿਕਾਰਡਿੰਗ ਪ੍ਰਣਾਲੀਆਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਪਸ਼ੂਧਨ ਦੇ ਜੈਨੇਟਿਕ ਗੁਣਾਂ ਵਿੱਚ ਸੁਧਾਰ, ਦੁੱਧ ਉਤਪਾਦਨ ਵਿੱਚ ਵਾਧੇ, ਗੁਣਵੱਤਾ ਵਿੱਚ ਸੁਧਾਰ ਜ਼ਰੀਏ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਦਿਆਂ ਪੰਜਾਬ ਦੇ ਡੇਅਰੀ ਸੈਕਟਰ ਦੀ ਮਜ਼ਬੂਤੀ ਲਈ ਬੇਹੱਦ ਅਹਿਮ ਹਨ।

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਕਿਹਾ ਕਿ ਵਿਭਾਗ ਨੇ ਪੰਜਾਬ ਨੂੰ ਕਿਸਾਨਾਂ ਦੀ ਤਰੱਕੀ ਲਈ ਇੱਕ ਮਿਸਾਲੀ ਸੂਬੇ ਵਜੋਂ ਸਥਾਪਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਲਈ ਡੇਅਰੀ ਪਸ਼ੂਧਨ ਦੀਆਂ ਪ੍ਰਜਣਨ ਅਤੇ ਦੁੱਧ ਚੁਆਈ ਸਮੇਤ ਵੱਖ-ਵੱਖ ਗਤੀਵਿਧੀਆਂ ਦੀ ਸਹੀ ਨਿਗਰਾਨੀ ਅਤੇ ਰਿਕਾਰਡਿੰਗ ਲਈ ਇੱਕ ਮਜ਼ਬੂਤ ਪ੍ਰਣਾਲੀ ਸਥਾਪਤ ਕੀਤੀ ਹੈ। ਇਹ ਪ੍ਰਾਜੈਕਟ ਸੂਬੇ ਨੂੰ ਡੇਅਰੀ ਵਿਕਾਸ ਦਾ ਧੁਰਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

Leave a Reply

Your email address will not be published. Required fields are marked *

View in English