View in English:
August 5, 2025 5:26 pm

ਪੰਜਾਬ ਨੂੰ ਡੇਟਾ ਐਨਾਲੈਟਿਕਸ ਵਿੱਚ ਮਿਲਿਆ ਤਕਨਾਲੋਜੀ ਸਭਾ ਐਕਸੀਲੈਂਸ ਪੁਰਸਕਾਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਗਸਤ 5

ਕੌਮੀ ਪੱਧਰ ‘ਤੇ ਵੱਡੀ ਮਾਨਤਾ ਹਾਸਲ ਕਰਦਿਆਂ ਪੰਜਾਬ ਸਰਕਾਰ ਨੇ ਡੇਟਾ ਐਨਾਲੈਟਿਕਸ ਸ਼੍ਰੇਣੀ ਵਿੱਚ ਤਕਨਾਲੋਜੀ ਸਭਾ ਐਕਸੀਲੈਂਸ ਐਵਾਰਡ 2025 ਪ੍ਰਾਪਤ ਕੀਤਾ ਹੈ, ਜੋ ਬਿਹਤਰੀਨ ਨਾਗਰਿਕ ਸੇਵਾਵਾਂ ਅਤੇ ਸੁਚੱਜੇ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਤਕਨਾਲੋਜੀ ਅਤੇ ਡੇਟਾ ਵਿਸ਼ਲੇਸ਼ਣ ਦੀ ਵਰਤੋਂ ਸਬੰਧੀ ਕੀਤੀਆਂ ਗਈਆਂ ਮਹੱਤਵਪੂਰਨ ਪਹਿਲਕਦਮੀਆਂ ਨੂੰ ਦਰਸਾਉਂਦਾ ਹੈ।

ਇਹ ਵੱਕਾਰੀ ਪੁਰਸਕਾਰ ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀ.ਕੇ. ਤਿਵਾੜੀ ਵੱਲੋਂ ਜੈਪੁਰ (ਰਾਜਸਥਾਨ) ਵਿੱਚ ਇੰਡੀਅਨ ਐਕਸਪ੍ਰੈਸ ਗਰੁੱਪ ਵੱਲੋਂ ਕਰਵਾਏ ਗਏ ਇੱਕ ਸ਼ਾਨਦਾਰ ਸਮਾਰੋਹ ਵਿੱਚ ਹਾਸਲ ਕੀਤਾ ਗਿਆ। ਇਹ ਸਨਮਾਨ ਸੁਚੱਜੇ ਪ੍ਰਸ਼ਾਸਨ ਪ੍ਰਬੰਧਾਂ ਲਈ ਤਕਨਾਲੋਜੀ ਦੀ ਵਰਤੋਂ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਜ਼ਿਕਰਯੋਗ ਹੈ ਕਿ ਤਕਨਾਲੋਜੀ ਸਭਾ, ਜੋ ਇੱਕ ਪ੍ਰਮੁੱਖ ਈ-ਗਵਰਨੈਂਸ ਪਲੇਟਫਾਰਮ ਹੈ, ਦੇਸ਼ ਭਰ ਦੇ ਸਰਕਾਰੀ ਖੇਤਰ ਨਾਲ ਸਬੰਧਤ ਉੱਘੇ ਆਈਸੀਟੀ ਪੇਸ਼ੇਵਰਾਂ ਅਤੇ ਨੀਤੀ ਘਾੜਿਆਂ ਨੂੰ ਇੱਕ ਮੰਚ ਉੱਤੇ ਲਿਆ ਕੇ ਜਾਣਕਾਰੀ ਦੇ ਆਦਾਨ-ਪ੍ਰਦਾਨ, ਉੱਨਤ ਤਕਨੀਕੀ ਪਹਿਲਕਦਮੀਆਂ ਅਤੇ ਡਿਜੀਟਲ ਗਵਰਨੈਂਸ ਵਿੱਚ ਦੇਸ਼ ਦੇ ਭਵਿੱਖ ‘ਤੇ ਵਿਚਾਰ-ਵਟਾਂਦਰੇ ਦੀ ਸਹੂਲਤ ਪ੍ਰਦਾਨ ਕਰਦਾ ਹੈ। ਦੱਸਣਯੋਗ ਹੈ ਕਿ ਤਕਨਾਲੋਜੀ ਸਭਾ ਵੱਲੋਂ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਦੁਆਰਾ ਵੱਖ-ਵੱਖ ਭਾਈਵਾਲਾਂ ਦੀ ਭਲਾਈ ਲਈ ਤਕਨਾਲੋਜੀ ਦੀ ਵਰਤੋਂ ਰਾਹੀਂ ਕੀਤੀਆਂ ਗਈਆਂ ਮਹੱਤਵਪੂਰਨ ਪਹਿਲਕਦਮੀਆਂ ਲਈ ਉਨ੍ਹਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਡੇਟਾ ਵਿਸ਼ਲੇਸ਼ਣ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਪੁਰਸਕਾਰ ਮਿਲਣਾ, ਇਹ ਦਰਸਾਉਂਦਾ ਹੈ ਕਿ ਅਸੀਂ ਸਿਰਫ਼ ਚੰਗਾ ਸ਼ਾਸਨ ਦੇਣ ਬਾਰੇ ਸਿਰਫ਼ ਗੱਲਾਂ ਹੀ ਨਹੀਂ ਕਰ ਰਹੇ, ਬਲਕਿ ਇਸਨੂੰ ਸਰਗਰਮੀ ਨਾਲ ਯਕੀਨੀ ਵੀ ਬਣਾ ਰਹੇ ਹਾਂ। ਅਮਨ ਅਰੋੜਾ ਨੇ ਕਿਹਾ ਕਿ ਆਧੁਨਿਕ ਸ਼ਾਸਨ ਵਿੱਚ ਡੇਟਾ ਵਿਸ਼ਲੇਸ਼ਣ ਦੀ ਅਹਿਮ ਭੂਮਿਕਾ ਹੈ। ਇਹ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਹੋਰ ਡੂੰਘਾਈ ਨਾਲ ਸਮਝਣ, ਸੇਵਾ ਦੇਣ ਵਿੱਚ ਰੁਕਾਵਟਾਂ ਦੀ ਪਛਾਣ ਕਰਨ ਅਤੇ ਨਾਗਰਿਕਾਂ ਦੇ ਜੀਵਨ-ਪੱਧਰ ਨੂੰ ਬਿਹਤਰ ਬਣਾਉਣ ਲਈ ਠੋਸ ਫੈਸਲੇ ਲੈਣ ‘ਚ ਮਦਦ ਕਰਦਾ ਹੈ।

ਉਨ੍ਹਾਂ ਕਿਹਾ ਕਿ ਇੰਡੀਅਨ ਐਕਸਪ੍ਰੈਸ ਦੀ ਤਕਨਾਲੋਜੀ ਸਭਾ ਵੱਲੋਂ ਇਹ ਸਨਮਾਨ ਮਿਲਣਾ, ਡਿਜੀਟਲ ਤਬਦੀਲੀ ਵੱਲ ਸਾਡੇ ਸਫ਼ਰ ਨੂੰ ਵਧੇਰੇ ਜੋਸ਼ ਨਾਲ ਅੱਗੇ ਵਧਾਉਣ ਲਈ ਇੱਕ ਵੱਡੀ ਹੱਲਾਸ਼ੇਰੀ ਹੈ।

ਇਹ ਪੁਰਸਕਾਰ ਪੰਜਾਬ ਸਰਕਾਰ ਲਈ ਇੱਕ ਵੱਡਾ ਮੀਲ ਪੱਥਰ ਹੈ, ਜੋ ਪ੍ਰਸ਼ਾਸਨਿਕ ਅਮਲ ਨੂੰ ਵਧੇਰੇ ਅਨੁਕੂਲ ਬਣਾਉਣ, ਜਨਤਕ ਸੇਵਾਵਾਂ ਦੀ ਮਜ਼ਬੂਤੀ ਨਾਲ ਵਧੇਰੇ ਜਵਾਬਦੇਹ ਪ੍ਰਸ਼ਾਸਨ ਅਤੇ ਜਵਾਬਦੇਹ ਸਰਕਾਰ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਡੇਟਾ ਵਿਸ਼ਲੇਸ਼ਣ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਇਹ ਸੂਬੇ ਦੇ ਨਾਗਰਿਕਾਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਤਕਨਾਲੋਜੀ ਦੀ ਵਰਤੋਂ ਰਾਹੀਂ “ਰੰਗਲਾ ਪੰਜਾਬ” ਬਣਾਉਣ ਦੇ ਯਤਨਾਂ ਨੂੰ ਹੋਰ ਬਲ ਦਿੰਦਾ ਹੈ।

Leave a Reply

Your email address will not be published. Required fields are marked *

View in English