View in English:
July 8, 2024 8:32 am

ਪੰਜਾਬ ਦੇ 14 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮਿਲਣਗੀਆਂ ਮੁਫ਼ਤ ਵਰਦੀਆਂ

ਫੈਕਟ ਸਮਾਚਾਰ ਸੇਵਾ

ਮੁਹਾਲੀ , ਜੁਲਾਈ 5

ਸਕੂਲ ਸਿੱਖਿਆ ਵਿਭਾਗ ਨੇ ਅਕਾਦਮਿਕ ਸਾਲ 2024-25 ਵਾਸਤੇ ਸੂਬੇ ’ਚ ਪਹਿਲੀ ਤੋਂ ਅੱਠਵੀਂ ਜਮਾਤ ’ਚ ਪੜ੍ਹਦੇ 14 ਲੱਖ 478 ਮੁੰਡੇ-ਕੁੜੀਆਂ ਨੂੰ ਮੁਫ਼ਤ ਵਰਦੀਆਂ ਮੁਹੱਈਆ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹਰੇਕ ਵਿਦਿਆਰਥੀ ਦੀ ਵਰਦੀ ਖ਼ਰੀਦਣ ਵਾਸਤੇ 600 ਰੁਪਏ ਖ਼ਰਚਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਰਕਮ ਨਾਲ ਪ੍ਰਤੀ ਸਿੱਖ ਲੜਕੇ ਲਈ ਪੈਂਟ, ਕਮੀਜ਼ ਅਤੇ ਪਟਕਾ ਜਦੋਂ ਕਿ ਬਾਕੀ ਲੜਕਿਆਂ ਲਈ ਪਟਕੇ ਦੀ ਥਾਂ ਟੋਪੀਆਂ ਦਿੱਤੀਆਂ ਜਾਣਗੀਆਂ। ਪ੍ਰਾਇਮਰੀ ਜਮਾਤਾਂ ਵਿਚ ਪੜ੍ਹਦੀਆਂ ਲੜਕੀਆਂ ਪੈਂਟ-ਕਮੀਜ਼ ਜਾਂ ਸਲਵਾਰ ਸੂਟ ਤੇ ਦੁਪੱਟਾ ਜਦੋਂ ਕਿ ਬਾਕੀ ਜਮਾਤਾਂ ਦੀਆਂ ਕੁੜੀਆਂ ਸਲਵਾਰ ਸੂਟ ਅਤੇ ਦੁਪੱਟੇ ’ਚ ਸਕੂਲ ਆਉਣਗੀਆਂ। ਇਨ੍ਹਾਂ ਤੋਂ ਇਲਾਵਾ ਤੈਅ ਕੀਤੇ ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਅਤੇ ਸਵੈਟਰ ਦਾ ਇਕ-ਇਕ ਜੋੜਾ ਵੀ ਪ੍ਰਦਾਨ ਕੀਤਾ ਜਾਵੇਗਾ। ਪ੍ਰਤੀ ਵਿਦਿਆਰਥੀ ਇਹ ਪੈਸਾ ਕਾਫ਼ੀ ਰਹੇਗਾ ਜਾਂ ਨਹੀਂ ਪਰ ਕੇਂਦਰ ਸਰਕਾਰ ਨੇ ਐਨੀ ਹੀ ਰਕਮ ਵਿਚ ਡੰਗ ਸਾਰਨ ਦੀ ਹਦਾਇਤ ਕੀਤੀ ਹੈ।

ਇਸ ਕੰਮ ਵਾਸਤੇ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰਾਂ ਨੂੰ 84 ਕਰੋੜ 2 ਲੱਖ 87 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ। ਇਸ ਰਕਮ ਨਾਲ ਸਮਗਰ ਸਿੱਖਿਆ ਅਭਿਆਨ ਦੇ ਤਹਿਤ, ਹਰੇਕ ਜਾਤੀ ਨਾਲ ਸਬੰਧਤ ਕੁੜੀਆਂ ਤੇ ਸਿਰਫ਼ ਐੱਸੀ/ਐੱਸਟੀ/ਬੀਪੀਐੱਲ ਮੁੰਡਿਆਂ ਨੂੰ ਵਰਦੀਆਂ ਮਿਲਣਗੀਆਂ। ਵੇਰਵਿਆਂ ਮੁਤਾਬਕ ਵਰਦੀ ਸਕੀਮ ਤਹਿਤ ਹਰੇਕ ਵਰਗ ਦੀਆਂ 7 ਲੱਖ 42 ਹਜ਼ਾਰ 700 ਕੁੜੀਆਂ ਨੂੰ ਵਰਦੀਆਂ ਮੁਫ਼ਤ ਮਿਲਣਗੀਆਂ। ਇਸੇ ਤਰ੍ਹਾਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ 4 ਲੱਖ 83 ਹਜ਼ਾਰ 918 ਜਦੋਂ ਕਿ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦੇ ਕੁੱਲ 1 ਲੱਖ 73 ਹਜ਼ਾਰ 660 ਮੁੰਡਿਆਂ ਨੂੰ ਮੁਫ਼ਤ ਵਰਦੀ ਸਕੀਮ ਦਾ ਹਿੱਸਾ ਬਣਾਇਆ ਗਿਆ ਹੈ। ਬੀਸੀ ਅਤੇ ਜਨਰਲ ਵਰਗਾਂ ਦੇ ਮੁੰਡਿਆਂ ਨੂੰ ਮੁਫ਼ਤ ਵਰਦੀ ਸਕੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹੁਕਮ ਮੁਤਾਬਕ ਵਰਦੀ ਦਾ ਰੰਗ ਸਕੂਲ ਪ੍ਰਬੰਧਕ ਕਮੇਟੀਆਂ ਵੱਲੋਂ ਤੈਅ ਕੀਤਾ ਜਾਵੇਗਾ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਰੰਗ ਸਾਰੇ ਸਕੂਲ ਵਿਚ ਇੱਕੋ ਜਿਹਾ ਹੋਣਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਪੱਤਰ ਮੁਤਾਬਕ ਵਰਦੀ ਵੰਡਣ ਦੀ ਜ਼ਿੰਮੇਵਾਰੀ ਸਵੈ ਸਹਾਇਤਾ ਪ੍ਰਾਪਤ ਸਮੂਹਾਂ ਨੂੰ ਦਿੱਤੀ ਜਾਵੇਗੀ। ਸਵੈ-ਸਹਾਇਤਾ ਸਮੂਹਾਂ ਵੱਲੋਂ ਵਰਦੀਆਂ ਦੀ ਵੰਡ ਤੋਂ ਬਾਅਦ ਬਾਕੀ ਬਚੀ ਰਕਮ ਉਨ੍ਹਾਂ ਨੂੰ ਸਕੂਲ ਪ੍ਰਬੰਧਨ ਕਮੇਟੀਆਂ ਰਾਹੀਂ ਜਾਰੀ ਕੀਤੀ ਜਾਵੇਗੀ।

Leave a Reply

Your email address will not be published. Required fields are marked *

View in English