ਪੰਜਾਬ ਦੀ ਮਦਦ ਲਈ ਅੱਗੇ ਆਏ ਮਸ਼ਹੂਰ ਹਸਤੀਆਂ: ਦਿਲਜੀਤ, ਰਣਦੀਪ ਹੁੱਡਾ ਅਤੇ ਸੁਨੰਦਾ ਸ਼ਰਮਾ ਨੇ ਸਾਂਭਿਆ ਮੋਰਚਾ
ਅੰਮ੍ਰਿਤਸਰ: ਪੰਜਾਬ ਵਿੱਚ ਹੜ੍ਹਾਂ ਕਾਰਨ ਪੈਦਾ ਹੋਏ ਗੰਭੀਰ ਹਾਲਾਤਾਂ ਦਰਮਿਆਨ ਫ਼ਿਲਮ ਅਤੇ ਸੰਗੀਤ ਜਗਤ ਦੇ ਕਲਾਕਾਰ ਵੀ ਮਦਦ ਲਈ ਅੱਗੇ ਆਏ ਹਨ। ਹਜ਼ਾਰਾਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਦਿਲਜੀਤ ਦੋਸਾਂਝ, ਰਣਦੀਪ ਹੁੱਡਾ ਅਤੇ ਸੁਨੰਦਾ ਸ਼ਰਮਾ ਵਰਗੀਆਂ ਮਸ਼ਹੂਰ ਹਸਤੀਆਂ ਰਾਹਤ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ।
ਦਿਲਜੀਤ ਦੋਸਾਂਝ ਦੀਆਂ ਟੀਮਾਂ ਸਰਗਰਮ
ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਟੀਮਾਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਰਹੀਆਂ ਹਨ ਅਤੇ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਤੇ ਦਵਾਈਆਂ ਮੁਹੱਈਆ ਕਰਵਾ ਰਹੀਆਂ ਹਨ। ਦਿਲਜੀਤ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਪੰਜਾਬ ਤੋਂ ਹਨ ਅਤੇ ਇੱਥੇ ਹੀ ਮਰਨਾ ਚਾਹੁੰਦੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਟੀਮਾਂ ਉਦੋਂ ਤੱਕ ਸੇਵਾ ਕਰਦੀਆਂ ਰਹਿਣਗੀਆਂ, ਜਦੋਂ ਤੱਕ ਪੰਜਾਬ ਆਪਣੇ ਪੈਰਾਂ ‘ਤੇ ਖੜ੍ਹਾ ਨਹੀਂ ਹੋ ਜਾਂਦਾ। ਉਨ੍ਹਾਂ ਨੇ 10 ਪਿੰਡਾਂ ਨੂੰ ਗੋਦ ਲੈਣ ਦੀ ਵੀ ਗੱਲ ਕੀਤੀ ਹੈ।
ਰਣਦੀਪ ਹੁੱਡਾ ਅਤੇ ਸੁਨੰਦਾ ਸ਼ਰਮਾ ਖ਼ੁਦ ਮੈਦਾਨ ਵਿੱਚ
ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਵੀ ਯੂਨਾਈਟਿਡ ਸਿੱਖਸ ਨਾਮਕ ਗੈਰ-ਸਰਕਾਰੀ ਸੰਸਥਾ ਦੇ ਸਹਿਯੋਗ ਨਾਲ ਖ਼ੁਦ ਹੜ੍ਹ ਪੀੜਤਾਂ ਦੀ ਮਦਦ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਗੁਰਦਾਸਪੁਰ ਤੋਂ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਕਿ ਉਹ ਫਸੇ ਹੋਏ ਲੋਕਾਂ ਨੂੰ ਮਿਲਣ ਜਾ ਰਹੇ ਹਨ।
ਇਸੇ ਤਰ੍ਹਾਂ, ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੀ ਪਿਛਲੇ ਤਿੰਨ ਦਿਨਾਂ ਤੋਂ ਸਰਗਰਮ ਹੈ। ਉਹ ਅਜਨਾਲਾ ਤੋਂ ਬਾਅਦ ਹੁਣ ਗੁਰਦਾਸਪੁਰ ਵਿੱਚ ਲੋਕਾਂ ਨੂੰ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਪਹੁੰਚਾ ਰਹੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕਰ ਰਹੀ ਹੈ।
ਰਜ਼ਾ ਮੁਰਾਦ ਨੇ ਵਧਾਇਆ ਹੌਸਲਾ
ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਨੇ ਵੀ ਪੰਜਾਬੀਆਂ ਦੇ ਹੌਸਲੇ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਹੀ ਹਨ ਜੋ ਦੁਨੀਆਂ ਵਿੱਚ ਕਿਤੇ ਵੀ ਮੁਸੀਬਤ ਵਿੱਚ ਲੋਕਾਂ ਲਈ ਖੜ੍ਹੇ ਹੁੰਦੇ ਹਨ ਅਤੇ ਉਨ੍ਹਾਂ ਦੀ ਹਿੰਮਤ ਚੱਟਾਨ ਤੋਂ ਵੀ ਮਜ਼ਬੂਤ ਹੈ। ਉਨ੍ਹਾਂ ਨੇ ਪੰਜਾਬੀਆਂ ਨੂੰ ਇਸ ਮੁਸ਼ਕਿਲ ਸਮੇਂ ਵਿੱਚ ਮਜ਼ਬੂਤੀ ਨਾਲ ਖੜ੍ਹੇ ਰਹਿਣ ਲਈ ਪ੍ਰੇਰਿਤ ਕੀਤਾ।