ਫੈਕਟ ਸਮਾਚਾਰ ਸੇਵਾ
ਫਾਜਿਲਕਾ, ਅਪ੍ਰੈਲ 2
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਅਰੁਣ ਵਧਵਾ ਨੇ ਫਾਜ਼ਿਲਕਾ ਦਾ ਦੌਰਾ ਕਰਕੇ ਇੱਥੋਂ ਦੇ ਸਰਕਾਰੀ ਕੈਟਲ ਪੌਂਡ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ। ਇੱਥੇ ਪਹੁੰਚਣ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਐਸਡੀਐਮ ਕੰਵਰਜੀਤ ਸਿੰਘ ਮਾਨ ਅਤੇ ਡੀਡੀਪੀਓ ਨੀਰੂ ਗਰਗ ਨੇ ਉਨਾਂ ਨੂੰ ਜੀ ਆਇਆਂ ਨੂੰ ਆਖਿਆ।
ਇਸ ਦੌਰਾਨ ਅਸ਼ੋਕ ਕੁਮਾਰ ਸਿੰਗਲਾ, ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਨੇ ਗਊਸ਼ਾਲਾ ਵਿਖੇ ਸਵਾ ਮਣੀ ਵੀ ਕਰਵਾਈ ਅਤੇ ਉੱਥੇ ਕੀਤੇ ਗਏ ਵੱਖ ਵੱਖ ਕੰਮਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਇਸ ਮੌਕੇ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਇੱਥੇ ਰੱਖੀਆਂ ਜਾ ਰਹੀਆਂ ਗਾਵਾਂ ਅਤੇ ਨੰਦੀਆਂ ਦੀ ਸਹੀ ਤਰੀਕੇ ਨਾਲ ਮੈਡੀਕਲ ਦੇਖਭਾਲ ਕੀਤੀ ਜਾਵੇ ਅਤੇ ਸਮੇਂ-ਸਮੇਂ ਸਿਰ ਇਹਨਾਂ ਨੂੰ ਲੋੜ ਅਨੁਸਾਰ ਦਵਾਈ ਦਿੱਤੀ ਜਾਵੇ। ਉਨਾਂ ਨੇ ਕਿਹਾ ਕਿ ਆਗਾਮੀ ਸਾਲ ਲਈ ਵੱਧ ਤੋਂ ਵੱਧ ਮਾਤਰਾ ਵਿੱਚ ਤੂੜੀ ਪੰਚਾਇਤਾਂ ਦੇ ਮਾਰਫਤ ਦਾਨ ਵਿੱਚ ਇਕੱਠੀ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਾਲ ਦੌਰਾਨ ਗਊ ਧਨ ਲਈ ਚਾਰੇ ਦੀ ਕੋਈ ਕਮੀ ਨਾ ਰਹੇ। ਇਸ ਦੌਰਾਨ ਉਨਾਂ ਦੱਸਿਆ ਕਿ ਇੱਥੇ 16 ਨਵੇਂ ਸ਼ੈਡ ਬਣਾਏ ਜਾਣ ਦਾ ਪ੍ਰਸਤਾਵ ਹੈ ਜਿਸ ਵਿੱਚੋਂ ਚਾਰ ਸ਼ੈਡ ਬਣ ਚੁੱਕੇ ਹਨ ਅਤੇ ਬਾਕੀ ਸ਼ੈਡ ਵੀ ਜਲਦੀ ਹੀ ਬਣਾਏ ਜਾਣਗੇ । ਉਨਾਂ ਨੇ ਇੱਥੇ ਵਿਸ਼ੇਸ਼ ਤੌਰ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਉਹਨਾਂ ਵੱਲੋਂ ਬਹੁਤ ਹੀ ਸਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ।
ਬਾਅਦ ਵਿੱਚ ਉਹਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਬਣਦਾ ਕਾਓ ਸੈਸ ਇਕੱਤਰ ਕਰਕੇ ਕੈਟਲ ਪੌਂਡ ਨੂੰ ਜਮਾ ਕਰਵਾਇਆ ਜਾਵੇ ਤਾਂ ਜੋ ਗਊ ਧਨ ਦੀ ਵਧੀਆ ਤਰੀਕੇ ਨਾਲ ਸੰਭਾਲ ਕੀਤੀ ਜਾ ਸਕੇ। ਇਸ ਮੌਕੇ ਉਨਾਂ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਮਾਰਫਤ ਗਊਸ਼ਾਲਾ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਐਸ ਡੀ ਐਮ ਕੰਵਰਜੀਤ ਸਿੰਘ ਮਾਨ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੀਰੂ ਗਰਗ, ਤਹਿਸੀਲਦਾਰ ਬਲਜਿੰਦਰ ਸਿੰਘ, ਸਹਾਇਕ ਡਾਇਰੈਕਟਰ ਪਸ਼ੂ ਪਾਲਣ ਡਾ ਗੁਰਚਰਨ ਸਿੰਘ, ਨਗਰ ਕੌਂਸਲ ਤੋਂ ਜਗਦੀਪ ਸਹਿਗਲ ਕੈਟਲ ਪੌਂਡ ਦੇ ਕੇਅਰ ਟੇਕਰ ਸੋਨੂ ਵਰਮਾ ਤੋਂ ਇਲਾਵਾ ਸਮਾਜ ਸੇਵੀ ਦਿਨੇਸ਼ ਮੋਦੀ, ਨਰੇਸ਼ ਚਾਵਲਾ, ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।