View in English:
March 10, 2025 12:55 am

ਪ੍ਰਮੁੱਖ ਸਕੱਤਰ, ਸਿਹਤ ਵੱਲੋਂ ਸਿਵਲ ਸਰਜਨਾਂ ਨੂੰ ਮਰੀਜ਼ ਫੀਡਬੈਕ ਸਰਵੇਖਣ ਵਿੱਚ ਦੱਸੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੇ ਆਦੇਸ਼

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਮਾਰਚ 9

ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ, ਕੁਮਾਰ ਰਾਹੁਲ ਨੇ ਪੰਜਾਬ ਭਰ ਵਿੱਚ ਸਿਹਤ ਸੇਵਾਵਾਂ ਦੇ ਦਾਇਰੇ ਨੂੰ ਹੋਰ ਵਧਾਉਣ ਲਈ ਜ਼ਿਲ੍ਹਾ ਹਸਪਤਾਲਾਂ ਦੇ ਸਿਵਲ ਸਰਜਨਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ (ਐਸਐਮਓ) ਨਾਲ ਸਮੀਖਿਆ ਮੀਟਿੰਗ ਕੀਤੀ।

ਇੱਥੇ ਹੋਈ ਮੀਟਿੰਗ, ਹਾਲ ਹੀ ਵਿੱਚ ਹੋਏ ਮਰੀਜ਼ ਫੀਡਬੈਕ ਸਰਵੇਖਣ ਵਿੱਚ ਉਜਾਗਰ ਕੀਤੀਆਂ ਗਈਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਡਾਕਟਰੀ ਸੇਵਾਵਾਂ ਦੀ ਕੁਸ਼ਲ ਡਿਲੀਵਰੀ ਨੂੰ ਯਕੀਨੀ ਬਣਾਉਣ ’ਤੇ ਕੇਂਦ੍ਰਿਤ ਸੀ।

ਪੰਜਾਬ ਵਿਕਾਸ ਕਮਿਸ਼ਨ ਦੁਆਰਾ ਜਨਵਰੀ ਤੋਂ ਅੱਧ ਫਰਵਰੀ ਤੱਕ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੀਤੇ ਗਏ ਇਸ ਸਰਵੇਖਣ ਵਿੱਚ ਮਰੀਜ਼ਾਂ ਦੇ ਅਨੁਭਵ ਦੇ ਮੁੱਖ ਪਹਿਲੂਆਂ ਦਾ ਮੁਲਾਂਕਣ ਕੀਤਾ ਗਿਆ ਸੀ , ਜਿਸ ਵਿੱਚ ਸਫਾਈ, ਉਡੀਕ ਦਾ ਸਮਾਂ, ਡਾਕਟਰਾਂ ਨਾਲ ਗੱਲਬਾਤ ਅਤੇ ਦਵਾਈ ਦੀ ਉਪਲਬਧਤਾ ਆਦਿ ਸ਼ਾਮਲ ਹੈ।

ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ ਨੇ ਸਰਵੇਖਣ ਦੇ ਨਤੀਜਿਆਂ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਅਤੇ ਸਥਾਪਿਤ ਮਾਪਦੰਡਾਂ ਤੋਂ ਊਣੀਆਂ ਸਹੂਲਤਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਮਿਆਰੀ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਲਾਪਰਵਾਹੀ ਲਈ ‘ਜ਼ੀਰੋ ਟਾਲਰੈਂਸ’ ਪਹੁੰਚ ’ਤੇ ਜ਼ੋਰ ਦਿੱਤਾ ਅਤੇ ਸਾਰੇ ਹਸਪਤਾਲਾਂ ਦੇ ਓਪੀਡੀ ਵਿੱਚ ਸੈਂਟ੍ਰਲਾਈਜ਼ਡ ਜਨਤਕ ਸ਼ਿਕਾਇਤ ਨਿਵਾਰਨ ਨੰਬਰ 104 ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ ਦੀ ਹਦਾਇਤ ਕੀਤੀ ।

ਉਨ੍ਹਾਂ ਨੇ ਕਿਹਾ, ‘‘ਸਾਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਹਰੇਕ ਨਾਗਰਿਕ ਨੂੰ ਸਮੇਂ ਸਿਰ ਅਤੇ ਮਿਆਰੀ ਸਿਹਤ ਸੰਭਾਲ ਮਿਲੇ।’’ ‘‘ਅਸੀਂ ਇਨ੍ਹਾਂ ਮਿਆਰਾਂ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਹਿਣ ਵਾਲੇ ਕਿਸੇ ਵੀ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ।’’

ਐਸਐਮਓਜ਼ ਨੂੰ ਆਯੁਸ਼ਮਾਨ ਭਾਰਤ – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਾਰੇ ਲੰਬਿਤ ਦਾਅਵਿਆਂ ਨੂੰ ਇੱਕ ਹਫ਼ਤੇ ਦੇ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ‘ਯੁੱਧ – ਨਸ਼ਿਆਂ ਵਿਰੋਧ’ ਮੁਹਿੰਮ ਦੇ ਅਨੁਸਾਰ, ਸਿਵਲ ਸਰਜਨਾਂ ਨੂੰ ਸਾਰੇ ਓਓਏਟੀ, ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ।

ਵਿਸ਼ੇਸ਼ ਸਕੱਤਰ ਸਿਹਤ ਘਨਸ਼ਿਆਮ ਥੋਰੀ ਨੇ 100 ਦਿਨਾਂ ਦੇ ਟੀਬੀ ਮੁਕਤ ਭਾਰਤ ਅਭਿਆਨ ਅਧੀਨ ਨਿਕਸ਼ੇ ਪੋਸ਼ਣ ਯੋਜਨਾ ਦੇ ਘੇਰੇ ਨੂੰ ਵਧਾਉਣ ਅਤੇ 30 ਸਾਲ ਤੋਂ ਵਧ ਦੀ ਆਬਾਦੀ ਲਈ 31 ਮਾਰਚ ਤੱਕ ਐਨਸੀਡੀ ਸਕ੍ਰੀਨਿੰਗ ਨੂੰ ਪੂਰਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸਿਵਲ ਸਰਜਨਾਂ ਅਤੇ ਐਸਐਮਓਜ਼ ਨੂੰ ਖਰੀਦ ਕੁਸ਼ਲਤਾ ਨੂੰ ਵਧਾਉਣ ਲਈ ਪੰਜਾਬ ਟਰਾਂਸਪੇਰੈਂਸੀ ਇਨ ਪਬਲਿਕ ਰੂਲਜ਼-2022 ਬਾਰੇ ਸਿਖਲਾਈ ਵੀ ਦਿੱਤੀ ਗਈ।

ਮੀਟਿੰਗ ਵਿੱਚ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਡੂ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ ਵਿੱਚ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਜਸਮਿੰਦਰ, ਅਤੇ ਡਾਇਰੈਕਟਰ (ਈਐਸਆਈ) ਡਾ. ਜਸਪ੍ਰੀਤ ਕੌਰ ਅਤੇ ਪੀਐਚਐਸਸੀ ਅਤੇ ਡੀਐਚਐਸ ਦਫਤਰ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ, ਨੇ ਵਿਚਾਰ-ਵਟਾਂਦਰਾ ਵੀ ਕੀਤਾ।

ਪੰਜਾਬ ਸਿਹਤ ਵਿਭਾਗ ਮਰੀਜ਼ਾਂ ਦੇ ਫੀਡਬੈਕ ਅਨੁਸਾਰ ਅਤੇ ਸਾਰੇ ਨਾਗਰਿਕਾਂ ਨੂੰ ਆਸਾਨ, ਕੁਸ਼ਲ ਅਤੇ ਮਿਆਰੀ ਸਿਹਤ ਸੰਭਾਲ ਸੇਵਾਵਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਰਣਨੀਤਕ ਉਪਾਵਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ।

Leave a Reply

Your email address will not be published. Required fields are marked *

View in English