ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਦਸੰਬਰ 7
ਸਾਲ 2024 ਦੀ ਸ਼ੁਰੂਆਤ ਚਾਹੇ ਹੌਲੀ ਹੋਈ ਹੋਵੇ ਪਰ ਅੰਤ ਬਹੁਤ ਧਮਾਕੇਦਾਰ ਹੋ ਰਿਹਾ ਹੈ। ਪੈਨ ਇੰਡੀਆ ਫਿਲਮ ‘ਪੁਸ਼ਪਾ 2 ਦ ਰੂਲ’ ਨੇ ਇਸ ਸਾਲ ਦੇ ਸਾਰੇ ਰਿਕਾਰਡ ਤੋੜ ਕੇ ਬਾਕਸ ਆਫਿਸ ‘ਤੇ ਕਬਜ਼ਾ ਕਰ ਲਿਆ ਹੈ। ਪੁਸ਼ਪਰਾਜ ਦਾ ਕ੍ਰੇਜ਼ ਸਿਰਫ਼ ਭਾਰਤ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਦੇਖਣ ਨੂੰ ਮਿਲ ਰਿਹਾ ਹੈ। ਵਰਲਡਵਾਈਡ ਕੁਲੈਕਸ਼ਨ ‘ਚ ਫਿਲਮ ਨੇ ਇਸ ਸਾਲ ਇਤਿਹਾਸ ਰਚ ਦਿੱਤਾ ਹੈ।
ਸੁਕੁਮਾਰ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਪੁਸ਼ਪਾ 2 ਦ ਰੂਲ’ ਸਾਲ 2021 ‘ਚ ਆਈ ਫਿਲਮ ‘ਪੁਸ਼ਪਾ ਦ ਰਾਈਜ਼’ ਦਾ ਸੀਕਵਲ ਹੈ। ਤਿੰਨ ਸਾਲਾਂ ਤੋਂ ਦਰਸ਼ਕਾਂ ਨੂੰ ਫਿਲਮ ਲਈ ਇੰਤਜ਼ਾਰ ਸੀ, ਜੋ ਆਖਿਰਕਾਰ 5 ਦਸੰਬਰ ਨੂੰ ਖ਼ਤਮ ਹੋਇਆ। ਅੱਲੂ ਅਰਜੁਨ ਆਪਣੇ ਸਵੈਗ ਨਾਲ ਵੱਡੇ ਪਰਦੇ ‘ਤੇ ਧਮਾਲ ਮਚਾ ਰਹੇ ਹਨ। ‘ਪੁਸ਼ਪਾ 2’ ਨੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ ‘ਤੇ 175 ਕਰੋੜ ਰੁਪਏ ਦਾ ਖਾਤਾ ਖੋਲ੍ਹ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਸਿਰਫ ਤੇਲਗੂ ਵਿੱਚ ਫਿਲਮ ਨੇ 95 ਕਰੋੜ ਤੇ ਹਿੰਦੀ ਵਿੱਚ 67 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਦਿਨ ਵੀ ਪੁਸ਼ਪਾ ਨੇ ਵੱਡੇ ਪੱਧਰ ‘ਤੇ ਕਰੰਸੀ ਨੋਟ ਛਾਪੇ ਤੇ 90 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਭਾਰਤ ਵਿੱਚ ਵੱਡੀ ਮਾਤਰਾ ਵਿੱਚ ਕਰੰਸੀ ਨੋਟ ਛਾਪਣ ਵਾਲੀ ‘ਪੁਸ਼ਪਾ 2’ ਦਾ ਕਹਿਰ ਦੁਨੀਆ ਭਰ ਵਿੱਚ ਵੀ ਖੂਬ ਚੱਲ ਰਿਹਾ ਹੈ।