ਦੁਨੀਆਂ ਉੱਤੇ ਵਸਦੇ ਅਤੇ ਜੀਵਨ ਜਿਉਂਦੇ ਲੋਕਾਂ ਦੀਆਂ ਵੰਨ ਸੁਵੰਨੀਆਂ ਖ਼ਵਾਇਸ਼ਾਂ ਹੁੰਦੀਆਂ ਹਨ। ਯੂਰਪੀ ਦੇਸ਼ਾਂ ਦੇ ਲੋਕਾਂ ਵਿਚ ਆਪਣੀ ਆਖ਼ਰੀ ਉਮਰ ਵਿਚ ਆਪਣੀਆਂ ਇਛਾਵਾਂ ਦੀ ਇਕ ਲਿਸਟ ਬਣਾਉਂਣ ਦਾ ਰਿਵਾਜ਼ ਰਿਹਾ ਹੈ। ਇਸਨੂੰ ਬਕੈਟ ਲਿਸਟ (Bucket list) ਕਿਹਾ ਜਾਂਦਾ ਹੈ। ਲੋਕ ਆਪਣੀ ਇਸ ਲਿਸਟ ਵਿਚ ਘੋੜਸਵਾਰੀ ਤੋਂ ਲੈ ਕੇ ਪਹਾੜਾਂ ਦੀ ਸੈਰ ਜਿਹੀਆਂ ਕਈ ਇਛਾਵਾਂ ਸ਼ਾਮਿਲ ਕਰਦੇ ਹਨ। ਪਰ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਕ 102 ਸਾਲਾਂ ਦੀ ਬਜ਼ੁਰਗ ਔਰਤ ਦੀ ਗ਼੍ਰਿਫਤਾਰ ਹੋਣ ਦੀ ਇੱਛਾ ਸੀ। ਉਸਦੀ ਇਹ ਇੱਛਾ ਸਥਾਨਕ ਪੁਲਿਸ ਨੇ ਪੂਰੀ ਵੀ ਕਰ ਦਿੱਤੀ ਹੈ।
ਇਸ ਮਹਿਲਾ ਦਾ ਨਾਮ ਐਡੀ ਸਿਮਸ (Edie Simms) ਹੈ, ਜੋ ਕਿ ਸੈਂਟ ਲੁਇਸ ਤੋਂ ਪੈਨਸ਼ਨਰ ਹੈ। ਉਸਦਾ ਇਹ ਸੁਪਨਾ ਸੀ ਕਿ ਕਦੇ ਉਸਦੀ ਵੀ ਗ਼੍ਰਿਫਤਾਰੀ ਹੋਵੇ ਤੇ ਉਸਨੂੰ ਹੱਥ ਕੜੀਆਂ ਵਿਚ ਲਗਾ ਕੇ ਪੁਲਿਸ ਸਟੇਸ਼ਨ ਦਾ ਚੱਕਰ ਲਗਾਇਆ ਜਾਵੇ। ਉਸਨੂੰ ਹੱਥ ਕੜੀਆਂ ਲਗਾ ਕੇ ਪੁਲਿਸ ਕਾਰ ਦੀ ਪਿਛਲੀ ਸੀਟ ਤੇ ਬਿਠਾ ਲਿਆ ਗਿਆ। ਇਸ ਦੌਰਾਨ ਐਡੀ ਨੇ ਸੈਂਟ ਲੁਇਸ ਵਿਚ ਹੀ ਸਥਿਤ ਫਾਈਵ ਸਟਾਰ ਸੀਨੀਅਰ ਸੈਂਟਰ ਦੇ ਲੋਕਾਂ ਨੂੰ ਆਪਣੇ ਹੱਥੀਂ ਬਣੀਆਂ ਕਈ ਚੀਜ਼ਾਂ ਤੋਹਫ਼ੇ ਵਜੋਂ ਭੇਂਟ ਕੀਤੀਆਂ। ਇਸ ਤਰ੍ਹਾਂ ਇਹ ਪੂਰਾ ਮੌਕਾ ਐਡੀ ਅਤੇ ਫਾਈਵ ਸਟਾਰ ਦੇ ਲੋਕਾਂ ਲਈ ਇਕ ਵਿਲੱਖਣ ਯਾਦਗਾਰ ਬਣ ਗਿਆ।
ਫਾਈਵ ਸਟਾਰ ਸੈਂਟਰ ਦੇ ਇਕ ਕਰਮਚਾਰੀ ਮੀਸ਼ੇਲ ਹਾਵਰਡ ਨੇ ਦੱਸਿਆ ਕਿ ਐਡੀ ਆਪਣੀ ਗ਼੍ਰਿਫ਼ਤਾਰੀ ਨੂੰ ਲੈ ਕੇ ਬਹੁਤ ਹੀ ਚਾਅ ਨਾਲ ਭਰੀ ਹੋਈ ਸੀ, ਉਸਨੇ ਆਪਣੀ ਅੱਖੀਂ ਉਸਨੂੰ ਗ਼੍ਰਿਫਤਾਰ ਹੁੰਦੇ ਦੇਖਿਆ ਸੀ। ਮੀਸ਼ੇਲ ਨੇ ਦੱਸਿਆ ਕਿ ਗ਼੍ਰਿਫਤਾਰੀ ਸਮੇਂ ਐਡੀ ਨੇ ਬੜੇ ਜੋਸ਼ ਨਾਲ ਕਿਹਾ ਸੀ ਕਿ, “ਕੀ ਤੁਸੀਂ ਮੇਰਿਆਂ ਹੱਥਾਂ ਨੂੰ ਹੱਥ ਕੜੀਆਂ ਵਿਚ ਬੰਨ੍ਹੋਗੇ?” ਐਨੇ ਨੂੰ ਸੈਂਟ ਲੁਇਸ ਕਾਉਂਟੀ ਦੀ ਇਕ ਕਾਰ ਆ ਕੇ ਰੁਕੀ ਅਤੇ ਐਡੀ ਨੇ ਹੱਥਕੜੀਆਂ ਲੱਗੇ ਹੱਥਾਂ ਨੂੰ ਹਵਾ ਵਿਚ ਲਿਹਰਾਇਆ ਸੀ।
ਇਸ ਤੋਂ ਇਲਾਵਾ ਮੀਸ਼ੇਲ ਹਾਵਰਡ ਨੇ ਦੱਸਿਆ ਕਿ ਉਹ ਪਿਛਲੇ 37 ਸਾਲਾਂ ਤੋਂ ਫਾਈਵ ਸਟਾਰ ਸੀਨੀਅਰ ਸੈਂਟਰ ਦਾ ਹਿੱਸਾ ਹੈ ਅਤੇ ਉਸਨੇ ਐਡੀ ਵਰਗੇ ਕਈ ਜੋਸ਼ੀਲੇ ਬਜ਼ੁਰਗਾਂ ਨੂੰ ਦੇਖਿਆ ਹੈ। ਇਹ ਸੀਨੀਅਰ ਕਮਾਲ ਦੇ ਹੁੰਦੇ ਹਨ। ਸਾਡਾ ਇਹ ਸੈਂਟਰ ਇਕ ਅਜਿਹੀ ਸੰਸਥਾ ਹੈ ਜੋ ਇਕ ਸੀਨੀਅਰ ਦੂਜੇ ਦੀ ਮੱਦਦ ਕਰਦਾ ਹੈ।
ਪੁਲਿਸ ਨੇ ਕੀ ਕਿਹਾ
ਦੱਸ ਦੇਈਏ ਕਿ ਐਡੀ ਨੂੰ ਗ੍ਰਿਫਤਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਵੀ ਐਡੀ ਦੀ ਇੱਛਾ ਨੂੰ ਪੂਰਾ ਕਰਨ ਵਿਚ ਯੋਗਦਾਨ ਪਾਉਣ ਲਈ ਖ਼ੁਸ਼ੀ ਜਾਹਿਰ ਕੀਤੀ। ਉਹਨਾਂ ਕਿਹਾ ਕਿ ਇਕ ਬਹਾਦਰ ਔਰਤ ਦੀ ਦਿੱਲੀ ਤਮੰਨਾ ਪੂਰੀ ਕਰਨਾ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਹੈ, ਇਸ ਸੇਵਾ ਲਈ ਅਸੀਂ ਬਹੁਤ ਪ੍ਰਸੰਨ ਚਿਤ ਹਾਂ।