View in English:
January 22, 2025 6:43 am

ਪਿੰਡ ਡੱਲੇਵਾਲ ਵਿਖੇ ਕਮਿਊਨਿਟੀ ਸੈਂਟਰ ਦਾ ਉਦਘਾਟਨ

ਫੈਕਟ ਸਮਾਚਾਰ ਸੇਵਾ

ਹੁਸ਼ਿਆਰਪੁਰ, ਜਨਵਰੀ 21

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਹਲਕਾ ਸ਼ਾਮਚੁਰਾਸੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਪਿੰਡ ਡੱਲੇਵਾਲ ਵਿਖੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਨੇ ਪਿੰਡ ਖਲਵਾਣਾ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕਰਨ ਦੇ ਨਾਲ-ਨਾਲ ਸੀਵਰੇਜ਼ ਪ੍ਰੋਜੈਕਟ ਦੀ ਵੀ ਸ਼ੁਰੂਆਤ ਕਰਵਾਈ।

ਪਿੰਡ ਡੱਲੇਵਾਲ ਵਿਖੇ ਕਮਿਊਨਿਟੀ ਸੈਂਟਰ ਦੇ ਉਦਘਾਟਨ ਉਪਰੰਤ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਹਰ ਪੱਧਰ ’ਤੇ ਲੋੜੀਂਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਵਸਨੀਕਾਂ ਨੂੰ ਬਨਿਆਦੀ ਸਹੂਲਤਾਂ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ 2142 ਐਮ.ਐਲ.ਡੀ. ਦੀ ਸਮਰੱਥਾ ਵਾਲੇ ਸੀਵਰੇਜ਼ ਟਰੀਟਮੈਂਟ ਪਲਾਂਟਾਂ ਵਿਚ 492.15 ਐਮ.ਐਲ.ਡੀ ਦੀ ਸਮਰੱਥਾ ਨੂੰ ਜੋੜਦਿਆਂ ਇਨ੍ਹਾਂ ਪਲਾਟਾਂ ਦੀ ਸਮਰੱਥਾ 2634.15 ਐਮ.ਐਲ.ਡੀ. ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 607 ਐਮ.ਐਲ.ਡੀ. ਸਮਰੱਥਾ ਵਾਲੇ 52 ਹੋਰ ਸੀਵਰੇਜ਼ ਟਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ ਜਿਨ੍ਹਾਂ ’ਤੇ 650 ਕਰੋੜ ਰੁਪਏ ਖਰਚ ਆਉਣਗੇ ਅਤੇ ਆਉਂਦੇ ਇਕ ਡੇਢ ਸਾਲ ਤੱਕ ਇਹ ਬਣ ਕੇ ਤਿਆਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਚਾਇਤਾਂ ਦੀ ਸਹਿਮਤੀ ਨਾਲ ਲੋੜੀਂਦੇ ਵਿਕਾਸ ਕਾਰਜਾਂ ਨੂੰ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ ਜੋ ਕਿ ਪਿੰਡਾਂ ਦੇ ਵਸੋਂ ਲਈ ਬੇਹੱਦ ਲਾਭਦਾਇਕ ਹੋਣਗੇ।

ਪਿੰਡ ਖਲਵਾਣਾ ਵਿਖੇ ਟਿਊਬਵੈਲ ਦੇ ਉਦਘਾਟਨ ਅਤੇ ਸੀਵਰੇਜ਼ ਪਾਉਣ ਦੇ ਕੰਮ ਦੀ ਸ਼ੁਰੂਆਤ ਮੌਕੇ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਚਾਇਤਾਂ ਨੂੰ ਲੋਕਤੰਤਰ ਦਾ ਥੰਮ ਵੀ ਕਿਹਾ ਜਾਂਦਾ ਹੈ ਅਤੇ ਪੰਚਾਇਤਾਂ ਪਿੰਡਾਂ ਦੇ ਵਿਕਾਸ, ਬੁਨਿਆਦੀ ਸਹੂਲਤਾਂ ਅਤੇ ਲੋਕ ਮਸਲਿਆਂ ਦੇ ਢੁਕਵੇਂ ਨਿਪਟਾਰੇ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਆਉਂਦੇ ਦਿਨਾਂ ਵਿਚ ਇਨ੍ਹਾਂ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਪਿੰਡ ਅੱਭੋਵਾਲ, ਮੁਹੱਲਾ ਟਾਹਲੀਵਾਲ ਅਤੇ ਕਡਿਆਣਾ ਵਿਖੇ ਸੀਵਰੇਜ਼ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।

Leave a Reply

Your email address will not be published. Required fields are marked *

View in English