ਫੈਕਟ ਸਮਾਚਾਰ ਸੇਵਾ
ਜਲੰਧਰ , ਜੁਲਾਈ 5
ਕੋਟ ਈਸੇ ਖ਼ਾਂ ‘ਚ ਬੀਤੇ ਦਿਨੀਂ ਦਿਨ ਦਿਹਾੜੇ ਮਸ਼ਹੂਰ ਪੰਜਾਬੀ ਫਿਲਮ ਅਦਾਕਾਰਾ ਤਾਨੀਆ ਦੇ ਮਤਰਏ ਪਿਤਾ ਨੂੰ ਗੋਲ਼ੀਆਂ ਮਾਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਪੈਦਲ ਆਏ ਹਮਲਾਵਰ ਗਲੀ ’ਚੋਂ ਹੁੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਥਾਣੇ ਤੋਂ ਕਰੀਬ 500 ਮੀਟਰ ਦੀ ਦੂਰੀ ’ਤੇ ਚੌਰਾਹੇ ’ਚ ਸਥਿਤ ਹਰਬੰਸ ਨਰਸਿੰਗ ਹੋਮ ’ਚ ਹੋਈ। ਇਹ ਘਟਨਾਕ੍ਰਮ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਿਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਤੋਂ ਬਾਅਦ ਅਦਾਕਾਰਾ ਤਾਨੀਆ ਦੀ ਟੀਮ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਨੂੰ ਉਸ ਨੇ ਆਪਣੇ ਇੰਸਟਾ ਸਟੋਰੀ ‘ਚ ਸ਼ੇਅਰ ਕੀਤਾ ਹੈ। ਇਹ ਪੋਸਟ ਸਾਂਝੀ ਕਰਦਿਆਂ ਉਸ ਨੇ ਲਿਖਿਆ, ”ਤਾਨੀਆ ਅਤੇ ਪਰਿਵਾਰ ਵੱਲੋਂ, ਅਸੀਂ ਇਹ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਇਹ ਉਸ ਦੇ ਅਤੇ ਉਨ੍ਹਾਂ ਦੇ ਪਰਿਵਾਰ ਲਈ ਇੱਕ ਬਹੁਤ ਹੀ ਨਾਜ਼ੁਕ ਅਤੇ ਭਾਵਨਾਤਮਕ ਸਮਾਂ ਹੈ। ਅਸੀਂ ਮੀਡੀਆ ਨੂੰ ਅਪੀਲ ਕਰਦੇ ਹਾਂ ਕਿ ਉਹ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਨੂੰ ਇਸ ਔਖੇ ਸਮੇਂ ‘ਚੋਂ ਨਿਕਲਣ ਦਾ ਸਮਾਂ ਦੇਣ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਤਰ੍ਹਾਂ ਦੀਆਂ ਕੋਈ ਅਟਕਲਾਂ ਜਾਂ ਕਹਾਣੀਆਂ ਨਾ ਬਣਾਈਆਂ ਜਾਣ।
ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ, ਐਸਐਸਪੀ ਅਜੇ ਗਾਂਧੀ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਕੈਨ ਕੀਤੀ ਜਾ ਰਹੀ ਹੈ, ਜਿਸ ਨਾਲ ਹਮਲਾਵਰਾਂ ਦੀ ਪਛਾਣ ਕਰਨ ‘ਚ ਮਦਦ ਮਿਲ ਸਕਦੀ ਹੈ। ਨਿੱਜੀ ਹਸਪਤਾਲ ਦੇ ਮੈਨੇਜਰ ਡਾ. ਅਜਮੇਰ ਕਾਲੜਾ ਨੇ ਦੱਸਿਆ ਕਿ ਡਾ. ਕੰਬੋਜ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਮੈਡੀਕਲ ਟੀਮ ਲਗਾਤਾਰ ਇਲਾਜ ‘ਚ ਲੱਗੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਵੇਰੇ ਸਾਢੇ 11 ਵਜੇ ਹੋਈ। ਐੱਸਐੱਸਪੀ ਅਜੇ ਗਾਂਧੀ ਨੇ ਦੱਸਿਆ ਕਿ ਡਾ. ਅਨਿਲਜੀਤ ਕੰਬੋਜ ਆਪਣੇ ਹਰਬੰਸ ਨਰਸਿੰਗ ਹੋਮ ਦੇ ਕੈਬਿਨ ’ਚ ਬੈਠੇ ਸਨ। ਇਸ ਦੌਰਾਨ ਦੋ ਅਣਪਛਾਤੇ ਨੌਜਵਾਨ ਦਵਾਈ ਲੈਣ ਦੇ ਬਹਾਨੇ ਆਏ। ਉਨ੍ਹਾਂ ਨੇ ਆਉਂਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਡਾ. ਕੰਬੋਜ ਦੇ ਦੋ ਗੋਲ਼ੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ। ਹਾਲਾਂਕਿ ਹਮਲੇ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੈ।