View in English:
November 13, 2024 4:07 am

ਪਿਛਲੇ ਦੋ ਸਾਲਾਂ ਵਿੱਚ ਭਾਜਪਾ ਦੀ ਘਟੀਆ ਰਾਜਨੀਤੀ ਦਾ ਇੱਕ ਹੀ ਉਦੇਸ਼ ਹੈ, ਪੰਜਾਬ ਦੇ ਕਿਸਾਨਾਂ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈਣਾ: ਨੀਲ ਗਰਗ

ਬਿੱਟੂ ਦਾ ਬਿਆਨ ਭਾਜਪਾ ਦੀ ਘਟੀਆ ਰਾਜਨੀਤੀ ਦਾ ਹਿੱਸਾ : ਨੀਲ ਗਰਗ 

ਪੰਜਾਬ ਦੇ ਖ਼ਿਲਾਫ਼ ਵੱਡੀ ਸਾਜ਼ਿਸ਼ ਰਚ ਰਹੀ ਹੈ ਭਾਜਪਾ,, ਬਿੱਟੂ ਉਸ ਸਾਜ਼ਿਸ਼ ਦਾ ਚਿਹਰਾ ਹਨ : ਨੀਲ ਗਰਗ

ਚੰਡੀਗੜ੍ਹ, 9 ਨਵੰਬਰ 

ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨ ਆਗੂਆਂ ‘ਤੇ ਦਿੱਤੇ ਗਏ ਵਿਵਾਦਿਤ ਬਿਆਨ ਦੀ ਆਮ ਆਦਮੀ ਪਾਰਟੀ (ਆਪ) ਨੇ ਸਖ਼ਤ ਨਿਖੇਧੀ ਕੀਤੀ ਹੈ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਹੈਰਾਨੀ ਜਤਾਉਂਦੇ ਕਿਹਾ ਕੀ ਭਾਜਪਾ ਹੁਣ ਇਸ ਗੱਲ ਦੀ ਜਾਂਚ ਕਰਨਾ ਚਾਹੁੰਦੀ ਹੈ ਕਿ ਪੰਜਾਬ ਦੇ ਕਿਸਾਨ ਦੋ ਵਕਤ ਦੀ ਰੋਟੀ ਕਿਵੇਂ ਖਾ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦੀ ਰਾਜਨੀਤੀ ਕਰ ਰਹੀ ਹੈ।  ਉਹ ਝੂਠੇ ਦੋਸ਼ਾਂ ਅਤੇ ਅਫ਼ਵਾਹਾਂ ਰਾਹੀਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ।  ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਝੁਕਾਇਆ ਦਿੱਤਾ ਸੀ ਅਤੇ ਅੱਜ ਉਸੇ ਦਾ ਬਦਲਾ ਪੰਜਾਬ ਦੇ ਕਿਸਾਨਾਂ ਤੋਂ ਲਿਆ ਜਾ ਰਿਹਾ ਹੈ।  ਪੰਜਾਬ ਦੇ ਕਿਸਾਨਾਂ ਦੇ ਦਬਾਅ ਹੇਠ ਮੋਦੀ ਨੂੰ ਕਾਲੇ ਖੇਤੀ ਕਾਨੂੰਨ ਵਾਪਸ ਲੈਣੇ ਪਏ। 

ਨੀਲ ਗਰਗ ਨੇ ਕਿਹਾ ਕਿ ਭਾਜਪਾ ਦੀ ਪਿਛਲੇ ਦੋ ਸਾਲਾਂ ਵਿੱਚ ਕੀਤੀ ਘਟੀਆ ਰਾਜਨੀਤੀ ਦਾ ਇੱਕ ਹੀ ਉਦੇਸ਼ ਹੈ, ਪੰਜਾਬ ਦੇ ਕਿਸਾਨਾਂ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈਣਾ। ਬਿੱਟੂ ਦਾ ਬਿਆਨ ਭਾਜਪਾ ਦੀ ਉਸੇ ਘਟੀਆ ਰਾਜਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਰੁੱਧ ਵੱਡੀ ਸਾਜ਼ਿਸ਼ ਰਚ ਰਹੀ ਹੈ। ਰਵਨੀਤ ਬਿੱਟੂ ਉਸ ਸਾਜ਼ਿਸ਼ ਦਾ ਚਿਹਰਾ ਹਨ।

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਵਾਪਸ ਲੈਣ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣਗੇ, ਪਰ ਬਾਅਦ ਵਿੱਚ ਸਪੱਸ਼ਟ ਤੌਰ ‘ਤੇ ਇਸ ਤੋਂ ਪਿੱਛੇ ਹਟ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਪੁਰਾਣੇ ਝੋਨੇ ਦੀ ਲਿਫ਼ਟਿੰਗ ਧੀਮੀ ਕਰ ਦਿੱਤੀ ਗਈ, ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਖ਼ੱਜਲ਼-ਖ਼ੁਆਰ ਹੋਣਾ ਪਿਆ ਹੈ।  ਹੁਣ ਕਣਕ ਦੀ ਬਿਜਾਈ ਦਾ ਸਮਾਂ ਆ ਗਿਆ ਹੈ ਪਰ ਕੇਂਦਰ ਸਰਕਾਰ ਵੱਲੋਂ ਜਾਣਬੁੱਝ ਕੇ ਡੀਏਪੀ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਹੈ।  ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਸਾਰਾ ਸਿਸਟਮ ਢਹਿ-ਢੇਰੀ ਹੋ ਜਾਵੇ ਅਤੇ ਕਿਸਾਨ ਸੜਕਾਂ ‘ਤੇ ਆ ਜਾਣ।

ਗਰਗ ਨੇ ਕਿਹਾ ਕਿ ਰਵਨੀਤ ਬਿੱਟੂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਖ਼ੁਸ਼ ਕਰਨ ਲਈ ਅਜਿਹੇ ਭੜਕਾਊ ਬਿਆਨ ਦੇ ਰਹੇ ਹਨ। ਉਹ ਜਾਣਬੁੱਝ ਕੇ ਕਿਸਾਨਾਂ ਨੂੰ ਚੋਰ, ਡਾਕੂ ਅਤੇ ਲੁਟੇਰੇ ਕਹਿ ਰਹੇ ਹਨ। ਗਰਗ ਨੇ ਕਿਹਾ ਕਿ ਕਿਸੇ ਨੇ ਨਹੀਂ ਰੋਕਿਆ ਕਿਸਾਨਾਂ ਦੀ ਜਾਇਦਾਦ ਦੀ ਜਾਂਚ ਕਰਨ ਤੋਂ , ਪਰ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਦੇਸ਼ ਦੇ ਸਰਕਾਰੀ ਬੈਂਕਾਂ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਧੋਖਾਧੜੀ ਕਰਕੇ ਵਿਦੇਸ਼ ਭੱਜਣ ਵਾਲੇ ਲੋਕਾਂ ਦਾ ਸਬੰਧ ਕਿਸ ਨਾਲ ਹੈ?  ਦੇਸ਼ ਦੀਆਂ ਸਾਰੀਆਂ ਸਰਕਾਰੀ ਜਾਇਦਾਦਾਂ ‘ਤੇ ਕਬਜ਼ਾ ਕਰਨ ਵਾਲੇ ਦੋ ਚਾਰ ਵੱਡੇ ਉਦਯੋਗਪਤੀਆਂ ਦੀ ਮਦਦ ਕੌਣ ਕਰ ਰਿਹਾ ਹੈ? 

ਜਾਂਚ ਇਸ ਗੱਲ ਦੀ ਵੀ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਆਗੂਆਂ ਨੂੰ ਭ੍ਰਿਸ਼ਟ ਸਾਬਤ ਕਰਨ ਲਈ ਭਾਜਪਾ ਉਨ੍ਹਾਂ ਵਿਰੁੱਧ ਦਿਨ-ਰਾਤ ਮੁਹਿੰਮ ਚਲਾ ਰਹੀ ਸੀ, ਉਹ ਇਕ-ਇਕ ਕਰਕੇ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ ਅਚਾਨਕ ਉਨ੍ਹਾਂ ਦੇ ਸਾਰੇ ਕੇਸ ਕਿਵੇਂ ਰੱਦ ਹੋ ਗਏ?  ਉਨ੍ਹਾਂ ਕਿਹਾ ਕਿ ਅਜਿਹੀ ਘਟੀਆ ਰਾਜਨੀਤੀ ਕਰਨ ਤੋਂ ਪਹਿਲਾਂ ਭਾਜਪਾ ਆਗੂਆਂ ਨੂੰ ਇਨ੍ਹਾਂ ਸਾਰੇ ਮਾਮਲਿਆਂ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਅਤੇ ਫਿਰ ਕਿਸਾਨਾਂ ਦੇ ਨਾਂ ਲੈਣੇ ਚਾਹੀਦੇ ਹਨ।

Leave a Reply

Your email address will not be published. Required fields are marked *

View in English