ਫੈਕਟ ਸਮਾਚਾਰ ਸੇਵਾ
ਪਾਣੀਪਤ , ਨਵੰਬਰ 14
ਪਾਣੀਪਤ ‘ਚ ਨਸ਼ੇ ‘ਚ ਟੱਲੀ ਟਰੱਕ ਡਰਾਈਵਰ ਨੇ 5 ਲੋਕਾਂ ਦੀ ਜਾਨ ਲੈ ਲਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਗਲਤ ਸਾਈਡ ‘ਤੇ ਦਿੱਲੀ ਤੋਂ ਚੰਡੀਗੜ੍ਹ ਵੱਲ ਆ ਰਹੇ ਟਰੱਕ ਡਰਾਈਵਰ ਨੇ ਫਲਾਈਓਵਰ ‘ਤੇ ਕਈ ਹਾਦਸੇ ਕੀਤੇ, ਜਿਸ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਟਰੱਕ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਫਲਾਈਓਵਰ ਦੀ ਗਰਿੱਲ ਤੋੜ ਕੇ ਇੱਕ ਕਾਰ ਨੂੰ ਵੀ ਟੱਕਰ ਮਾਰ ਦਿੱਤੀ, ਜਿਸ ਕਾਰਨ ਫਲਾਈਓਵਰ ’ਤੇ ਲੰਮਾ ਜਾਮ ਲੱਗ ਗਿਆ। ਸਥਾਨਕ ਲੋਕਾਂ ਨੇ ਡਰਾਈਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ।
ਮ੍ਰਿਤਕਾਂ ‘ਚ ਦੋ ਨੌਜਵਾਨਾਂ ਦੀ ਪਛਾਣ ਸੂਰਜ ਅਤੇ ਅਨਿਕੇਤ ਵਜੋਂ ਹੋਈ ਹੈ, ਜੋ ਕਿ ਪਾਵਟੀ ਪਿੰਡ ਦੇ ਰਹਿਣ ਵਾਲੇ ਸਨ। ਸੂਰਜ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਮੁਲਾਜ਼ਮ ਸੀ, ਜਦੋਂਕਿ ਅਨਿਕੇਤ ਪਿਛਲੇ ਇੱਕ ਸਾਲ ਤੋਂ ਬਿਜਲੀ ਨਿਗਮ ਵਿੱਚ ਅਪ੍ਰੈਂਟਿਸ ਵਜੋਂ ਕੰਮ ਕਰ ਰਿਹਾ ਸੀ। ਬਾਕੀ ਤਿੰਨ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਹਾਦਸੇ ‘ਚ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਰੋਹਤਕ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।